
ਮੈਲਬਰਨ, 19 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ): ਇਥੋਂ ਦੇ ਇਕ ਕ੍ਰਿਸ਼ਚੀਅਨ ਸਕੂਲ ਵਿਚ ਪੜਨ ਵਾਲਾ ਪੰਜ ਸਾਲਾ ਸਿੱਖ ਬੱਚਾ ਪਟਕਾ ਸਜਾ ਕੇ ਸਕੂਲ ਜਾ ਸਕੇਗਾ। ਜ਼ਿਕਰਯੋਗ ਹੈ ਕਿ ਇਸ ਸਕੂਲ ਨੇ ਪੰਜ ਸਾਲਾ ਬੱਚੇ 'ਤੇ ਪਟਕਾ ਸਜਾ ਕੇ ਸਕੂਲ ਆਉਣ 'ਤੇ ਪਾਬੰਦੀ ਲਗਾ ਦਿਤੀ ਸੀ ਜਿਸ ਨੂੰ ਟ੍ਰਿਬਿਊਨਲ ਨੇ ਬੱਚੇ ਨਾਲ ਪੱਖਪਾਤ ਕਰ ਦਿਤਾ। ਟ੍ਰਿਬਿਊਨਲ ਨੇ ਕਿਹਾ ਕਿ ਸਕੂਲ ਨੇ ਬੱਚੇ 'ਤੇ ਪਟਕਾ ਸਜਾਉਣ ਦੀ ਪਾਬੰਦੀ ਲਗਾ ਕੇ ਠੀਕ ਕੰਮ ਨਹੀਂ ਸੀ ਕੀਤਾ। ਸਕੂਲ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਪੰਜ ਸਾਲਾ ਬੱਚੇ ਸਿਦਕ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਟ੍ਰਿਬਿਊਨਲ ਵਿਚ ਬੱਚੇ ਨਾਲ ਹੋਏ ਪੱਖਪਾਤ ਦੀ ਸ਼ਿਕਾਇਤ ਕੀਤੀ ਸੀ। ਇਸ 'ਤੇ ਫ਼ੈਸਲਾ ਕਰਦੇ ਹੋਏ ਟ੍ਰਿਬਿਊਨਲ ਨੇ ਬੱਚੇ 'ਤੇ ਲੱਗੀ ਪਾਬੰਦੀ ਨੂੰ ਹਟਾ ਦਿਤਾ ਜਿਸ ਕਾਰਨ ਬੱਚਾ ਦਸਤਾਰ ਸਜਾ ਕੇ ਸਕੂਲ ਜਾ ਸਕੇਗਾ।
ਵਿਕਟੋਰੀਅਨ ਸਿਵਲ ਅਤੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੇ ਕਿਹਾ ਕਿ ਮੈਲਟਨ ਕ੍ਰਿਸ਼ਚੀਅਨ ਸਕੂਲ ਨੇ ਬਰਾਬਰ ਮੌਕਿਆਂ ਦੇ ਐਕਟ ਦੀ ਉਲੰਘਣਾ ਕੀਤੀ ਹੈ। ਟ੍ਰਿਬਿਊਨਲ ਦੀ ਮੈਂਬਰ ਜੂਲੀ ਗ੍ਰੇਂਜਰ ਨੇ ਕਿਹਾ ਕਿ ਸਕੂਲ ਨੂੰ ਅਪਣੀ ਯੂਨੀਫ਼ਾਰਮ ਪਾਲਿਸੀ ਵਿਚ ਬਦਲਾਅ ਕਰਨਾ ਪਵੇਗਾ ਜਿਸ ਨਾਲ ਇਹ ਤੈਅ ਹੋ ਸਕੇ ਕਿ ਬੱਚਾ ਕਿਸ ਰੰਗ ਦਾ ਪਟਕਾ ਜਾਂ ਦਸਤਾਰ ਸਜਾ ਕੇ ਸਕੂਲ ਆਵੇ।
ਸਿਦਕ ਦੇ ਪਿਤਾ ਸ. ਅਰੋੜਾ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਸੀ ਜਦ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਸੀ ਕਿ ਸਿਦਕ ਨੂੰ ਸਕੂਲ ਦੀ ਯੂਨੀਫ਼ਾਰਮ ਪਾਲਿਸੀ ਦੇ ਅਨੁਸਾਰ ਹੀ ਚਲਣਾ ਪਵੇਗਾ ਜਿਸ ਦਾ ਮਤਲਬ ਇਹ ਸੀ ਕਿ ਸਿਦਕ ਦਸਤਾਰ ਸਜਾ ਕੇ ਸਕੂਲ ਨਹੀਂ ਆ ਸਕੇਗਾ। ਪ੍ਰਿੰਸੀਪਲ ਨੇ ਕਿਹਾ ਸੀ ਕਿ ਸਿਦਕ ਨੂੰ ਅਪਣੇ ਵਾਲ ਛੋਟੇ ਕਰਨੇ ਪੈਣਗੇ ਅਤੇ ਉਹ ਸਿਰ ਢੱਕ ਕੇ ਸਕੂਲ ਨਹੀਂ ਆਵੇਗਾ। ਸ. ਅਰੋੜਾ ਨੇ ਕਿਹਾ ਕਿ ਉਹ ਟ੍ਰਿਬਿਊਨਲ ਦੇ ਇਸ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਨ ਕਿਉਂਕਿ ਉਨ੍ਹਾਂ ਦਾ ਪੁੱਤਰ ਸਿਦਕ ਇਸੇ ਸਕੂਲ ਵਿਚ ਪੜ੍ਹਨਾ ਚਾਹੁੰਦਾ ਹੈ ਕਿਉਂਕਿ ਰਿਸ਼ਤੇਦਾਰੀ ਵਿਚੋਂ ਹੀ ਇਕ ਹੋਰ ਬੱਚਾ ਇਥੇ ਪੜ੍ਹਦਾ ਹੈ। (ਏਜੰਸੀ)