
'ਟਰੂਡੋ ਨਾਲ ਕੀਤਾ ਜਾ ਰਿਹੈ ਵਿਤਕਰਾ'
ਨਵੀਂ ਦਿੱਲੀ, 20 ਫ਼ਰਵਰੀ (ਅਮਨਦੀਪ ਸਿੰਘ) : ਮੋਦੀ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਬਾਰੇ ਧਾਰਨ ਕੀਤੀ ਗਈ ਬੇਰੁਖੀ ਬਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਹੈਰਾਨਕੁਨ ਟਿਪੱਣੀ ਕਰ ਕੇ ਨਵੀਂ ਚਰਚਾ ਛੇੜ ਦਿਤੀ ਹੈ ਕਿ ਭਾਰਤੀ ਏਜੰਸੀਆਂ ਤੇ ਸਿਆਸੀ ਲੋਕਾਂ ਦੇ ਨਿੱਜੀ ਮੁਫ਼ਾਦਾਂ ਕਰ ਕੇ, ਟਰੂਡੋ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਕਿਹਾ, “ਭਾਰਤ ਦੀਆਂ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਵੱਖਵਾਦੀ ਸਾਬਤ ਕਰਨ ਦੇ ਏਜੰਡੇ 'ਤੇ ਕੰਮ ਕਰ ਰਹੀਆਂ ਹਨ ਜਿਸ ਵਿਚ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਇਸੇ ਕਾਰਨ ਕੈਪਟਨ ਨੇ ਹਰਜੀਤ ਸਿੰਘ ਸੱਜਣ ਖ਼ਿਲਾਫ਼ ਮੋਰਚਾ ਖੋਲ੍ਹੀ ਰੱਖਿਆ ਸੀ। ਜਦੋਂ ਮੀਡੀਆ ਵਿਚ ਸਿੱਖਾਂ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਤਾਂ ਪੰਜਾਬ ਦੇ ਪੁਲਸ ਸੂਤਰਾਂ ਤੋਂ ਚੋਣਵੇਂ ਮੀਡੀਆ ਵਿਚ ਕੈਨੇਡਾ ਤੋਂ ਪੰਜਾਬ ਵਿਚ ਵੱਖਵਾਦ ਲਈ ਫੰਡਿਗ ਦੀਆਂ ਖ਼ਬਰਾਂ ਪਲਾਂਟ ਕਰਵਾ ਦਿਤੀਆਂ ਗਈਆਂ।''
ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਚੁਕਿਆ ਤੇ ਪੰਥਕ ਮੁੱਦਿਆਂ ਤੋਂ ਕੰਨੀ ਕਤਰਾਉਂਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੁਦੇ 'ਤੇ ਮੁੜ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਵਿਚ ਖਾਲਸ ਪੰਥਕ ਹੋਣ ਦੀ ਤਿਆਰੀ ਕਰ ਰਿਹਾ ਹੈ।
ਉਨਾਂ੍ਹ ਕਿਹਾ, “ ਭਾਰਤ ਸਰਕਾਰ ਚੀਨ ਤੇ ਪਾਕਿਸਤਾਨ ਨਾਲ ਜੰਗੀ ਤੇ ਚਿੰਤਾਜਨਕ ਹਾਲਾਤਾਂ ਦੇ ਬਾਵਜੂਦ ਵੀ ਕੂਟਨੀਤਕ ਦੋਸਤੀ ਨਿਭਾਉਣ ਲਈ ਬਜ਼ਿਦ ਰਹਿੰਦੀ ਹੈ, ਪਰ ਕੈਨੇਡਾ ਵਿਚ ਸਿੱਖਾਂ ਦੀ ਹਮਾਇਤੀ ਟਰੂਡੋ ਸਰਕਾਰ ਪ੍ਰਤੀ ਧਾਰਨ ਕੀਤੀ ਗਈ ਬੇਰੁਖੀ ਵਾਲੀ ਕੂਟਨੀਤੀ ਹੈਰਾਨ ਕਰਨ ਵਾਲੀ ਹੈ। ਕੈਨੇਡਾ ਸਰਕਾਰ ਨੇ ਤਾਂ ਇਕ ਸੋ ਸਾਲ ਬਾਅਦ ਕਾਮਾਗਾਟਾ ਮਾਰੂ ਸਾਕੇ ਲਈ ਮਾਫੀ ਮੰਗ ਤੇ ਓਨਟਾਰੀਓ ਵਿਧਾਨ ਸਭਾ ਵਿਚ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਕੇ, ਸਿੱਖਾਂ ਦੇ ਦਿਲ ਹੀ ਜਿਤੇ ਹਨ, ਜਦੋਂਕਿ ਬਰਤਾਨੀਆ ਨੇ ਅੱਜ ਤੱਕ ਜ਼ਲਿਆ ਵਾਲਾ ਬਾਗ਼ ਦੇ ਸਾਕੇ ਲਈ ਮਾਫੀ ਨਹੀਂ ਮੰਗੀ ਅਤੇ ਭਾਰਤ ਸਰਕਾਰ ਨੇ ਵੀ ਪਾਰਲੀਆਮੈਂਟ ਵਿਚ ਸਿੱਖ ਕਤਲੇਆਮ ਦੀ ਨਿਖੇਧੀ ਨਹੀਂ ਕੀਤੀ, ਫਿਰ ਵੀ ਸਰਕਾਰ ਦਾ ਕੈਨੇਡਾ ਬਾਰੇ ਇਹ ਵਤੀਰਾ ਕਿਉਂ?”
ਉਨਾਂ੍ਹ ਕਿਹਾ, “ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ 4 ਸਿੱਖ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਪਿਛੋਂ ਟਰੂਡੋ 'ਤੇ ਖ਼ਾਲਿਸਤਾਨੀਆਂ ਦਾ ਅਖਉਤੀ ਹਮਾਇਤੀ ਹੋਣ ਦੇ ਦੋਸ਼ ਬਿਨਾਂ ਤੱਥਾਂ ਤੋਂ ਲਾਏ ਜਾ ਰਹੇ ਹਨ। ਕੈਨੇਡਾ ਵਿਚ ਪੰਜਾਬੀਆਂ ਤੇ ਗੁਜ਼ਰਾਤੀਆਂ ਦੀ ਚੌਖੀ ਵਸੋਂ ਅਣੱਖ ਨਾਲ ਰਹਿੰਦੀ ਹੈ, ਇਸ ਲਈ ਮੋਦੀ ਸਰਕਾਰ ਨੂੰ ਤਾਂ ਪੂਰੀ ਗਰਮਜੋਸ਼ੀ ਨਾਲ ਟਰੂਡੋ ਨੂੰ ਜੀਅ ਆਇਆਂ ਆਖਣਾ ਚਾਹੀਦਾ ਸੀ? ਮੋਦੀ ਸਰਕਾਰ ਨੂੰ ਨਿੱਜੀ ਮੁਫ਼ਾਦਾਂ ਕਰ ਕੇ, ਭਾਰਤੀ ਕੂਟਨੀਤੀ ਨੂੰ ਢਾਹ ਲਾਉਣ ਤੋਂ ਬੱਚਣਾ ਚਾਹੀਦਾ ਸੀ।“ਉਨਾਂ੍ਹ ਪੁਛਿਆ, “ ਕੀ ਮੋਦੀ ਭੁੱਲ ਗਏ ਹਨ ਕਿ ਜਦੋਂ ਉਹ ਗੁਜਰਾਤ ਦੇ ਮੁਖ ਮੰਤਰੀ ਸਨ ਉਦੋਂ ਅਮਰੀਕਾ ਨੇ ਉਨਾਂ੍ਹ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਸੀ, ਪਿਛੋਂ ਜਦੋਂ ਮੋਦੀ ਪ੍ਰਧਾਨ ਮੰਤਰੀ ਬਣ ਗਏ ਤਾਂ ਉਨਾਂ੍ਹ ਓਬਾਮਾ ਦੀ ਭਾਰਤ ਫੇਰੀ ਦੌਰਾਨ ਨਾ ਸਿਰਫ ਪ੍ਰੋਟੋਕਾਲ ਤੋੜ ਕੇ ਓਬਾਮਾ ਨੂੰ ਗਲਵਕੜੀ ਪਾਈ, ਸਗੋਂ ਹਵਾਈ ਅੱਡੇ 'ਤੇ ਲੈਣ ਵੀ ਗਏ ਸਨ ਜਿਸਦੀ ਦੁਨੀਆ ਭਰ ਵਿਚ ਸ਼ਲਾਘਾ ਹੋਈ ਸੀ। ਪਰ ਹੁਣ ਟਰੂਡੋ ਨਾਲ ਵਿਤਕਰਾ ਕਿਉਂ? “
ਉਨਾਂ੍ਹ ਕਿਹਾ ਟਰੂਡੋ ਨੂੰ ਵੱਖਵਾਦੀਆਂ ਦਾ ਅਖਉਤੀ ਹਮਾਇਤੀ ਗਰਦਾਨ ਕੇ, ਕੈਨੇਡਾ ਨਾਲ ਭਾਰਤ ਆਪਣੇ ਸਬੰਧ ਹੀ ਵਿਗਾੜ ਰਿਹਾ ਹੈ, ਜੋਕਿ ਕੋਟਿਲਯ ਵਰਗੇ ਨੀਤੀ ਘਾੜੇ ਮੁਤਾਬਕ ਵੀ ਠੀਕ ਨਹੀਂ ਕਿਉਂਕਿ ਕੋਟਲਯ ਨੇ ਕੂਟਨੀਤੀ ਦੇ ਸ਼ਾਮ, ਦਾਮ, ਦੰਡ ਤੇ ਭੇਦ ਦੀ ਵਰਤੋਂ ਕਰ ਕੇ, ਵੀ ਦੂਜੇ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ ਦੀ ਵਕਾਲਤ ਕੀਤੀ ਹੋਈ ਹੈ। ਸ.ਜੀ.ਕੇ. ਨੇ ਕਿਹਾ, “ਜੇ ਕੈਨੇਡਾ ਵਿਚ ਕੁੱਝ ਮੁਠੀ ਜਿੰਨੇ ਬੰਦੇ ਖ਼ਾਲਿਸਤਾਨ ਦੀ ਗੱਲ ਕਰਦੇ ਹਨ, ਤਾਂ ਉਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਭਾਰਤ ਵਿਚ ਕੁੱਝ ਮੁਠੀ ਜਿੰਨੇ ਬੰਦੇ ਹਿੰਦੂ ਰਾਸ਼ਟਰ ਦਾ ਰੌਲਾ ਪਾ ਕੇ, ਘੱਟ-ਗਿਣਤੀਆਂ ਨੂੰ ਪਾਕਿਸਤਾਨ ਜਾਣ ਵਰਗੀਆਂ ਨਸੀਹਤਾਂ ਦੇਣ ਲੱਗ ਜਾਂਦੇ ਹਨ ਪਰ ਦੋਵੇਂ ਹੀ ਮੁਲਕ ਜ਼ਮਹੂਰੀ ਮੁਲਕ ਹਨ। ਇਸ ਲਈ ਕੁੱਝ ਬੰਦਿਆਂ ਦੀ ਨਿੱਜੀ ਰਾਏ ਨੂੰ ਦੇਸ਼ ਜਾਂ ਸਰਕਾਰ ਦੀ ਰਾਏ ਬਣਾਉੇਣਾ ਵੱਡੀ ਭੁੱਲ ਹੈ। ਜੇ ਇਸੇ ਤਰ੍ਹਾਂ ਜੇ ਮੋਦੀ ਸਰਕਾਰ ਕੁਝ ਲੋਕਾਂ ਦੀ ਰਾਏ ਕਰਕੇ ਕੈਨੇਡਾ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਰਹੀ ਹੈ ਤਾਂ ਇਸ ਮੰਦਭਾਗੇ ਰੁਝਾਨ ਨਾਲ ਦੂਜੇ ਮੁਲਕ ਵੀ ਭਾਰਤ ਸਰਕਾਰ ਨੂੰ ਹਿੰਦੂ ਰਾਸ਼ਟਰ ਦਾ ਹਮਾਇਤੀ ਗਰਦਾਨਣ ਲੱਗ ਜਾਣਗੇ।“