
ਅੰਮ੍ਰਿਤਸਰ,
26 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ
ਵਿਖੇ ਪ੍ਰਸਿੱਧ ਉਦਯੋਗਪਤੀ ਮਿ. ਪੀਟਰ ਸਿੰਘ ਵਿਰਦੀ ਵਿਸ਼ੇਸ਼ ਤੌਰ ਤੇ ਪੁੱਜੇ ਜਿਥੇ ਚੀਫ਼
ਖ਼ਾਲਸਾ ਦੀਵਾਨ ਵਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਪ੍ਰੰਤ ਚੀਫ਼ ਖ਼ਾਲਸਾ ਦੀਵਾਨ ਦੇ
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਵਿਸ਼ਵ ਵਿਚ ਅਜਿਹਾ ਪ੍ਰੋਫ਼ੈਸ਼ਨਲ ਰੁਤਬਾ ਹਾਸਲ
ਕਰਨ ਵਾਲੇ ਪੀਟਰ ਸਿੰਘ ਵਿਰਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਸਿੱਖਾਂ ਲਈ ਮਾਣ
ਵਾਲੀ ਗੱਲ ਹੈ ਕਿ ਉਹ ਇੰਗਲਿਸ਼ ਨੈਸ਼ਨਲ ਔਪੈਰਾ ਬੋਰਡ ਤੇ ਫ਼ਿਲੇਨਥਰੋਪੀ ਫ਼ਾਰ ਕਾਉਂਟਸ ਐਂਡ
ਕੰਪਨੀ ਬੋਰਡ ਦੇ ਪਹਿਲੇ ਸਿੱਖ ਮੈਂਬਰ ਵੀ ਹਨ। ਉਨ੍ਹਾਂ ਮਿ: ਪੀਟਰ ਸਿੰਘ ਵਿਰਦੀ ਵਲੋਂ
ਸਥਾਪਤ ਵਿਰਦੀ ਫ਼ਾਊਂਡੇਸ਼ਨ ਰਾਹੀਂ ਉਹ ਸਰੀਰਕ ਤੇ ਮਾਨਸਕ ਰੋਗੀਆਂ ਦੇ ਇਲਾਜ ਲਈ ਹਰ ਸੰਭਵ
ਮਦਦ ਕਰਦੇ ਹਨ। ਚੱਢਾ ਨੇ ਵਿਰਦੀ ਵਲੋਂ 2012 ਵਿਚ ਚੀਫ਼ ਖ਼ਾਲਸਾ ਦੀਵਾਨ ਨੂੰ ਐਜੂਕੇਸ਼ਨ
ਕਾਨਫ਼ਰੰਸ ਦੌਰਾਨ ਦਿਤੇ ਗਏ 11 ਲੱਖ ਦੇ ਵਿਤੀ ਯੋਗਦਾਨ ਲਈ ਵੀ ਧਨਵਾਦ ਕੀਤਾ।
ਵਿਰਦੀ
ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਦੇ ਝੰਡੇ ਲਹਿਰਾ ਚੁੱਕੀ ਚੀਫ਼ ਖ਼ਾਲਸਾ ਦੀਵਾਨ ਦੇ
ਵਿਕਾਸ ਤੇ ਉਪਲਬਧੀਆਂ ਦੇ ਤੇਜ਼ੀ ਨਾਲ ਵੱਧ ਰਹੇ ਤਰੱਕੀ ਦੇ ਗ੍ਰਾਫ਼ ਲਈ ਸ਼ਲਾਘਾ ਕੀਤੀ ਤੇ
ਸਨਮਾਨ ਲਈ ਸ਼ੁਕਰਾਨਾ ਕੀਤਾ। ਉਨ੍ਹਾਂ 2020 ਵਿਚ ਯੂ ਕੇ ਵਿਚ ਚੀਫ਼ ਖ਼ਾਲਸਾ ਦੀਵਾਨ ਵਿਸ਼ਵ
ਸਿੱਖ ਕਾਨਫ਼ਰੰਸ ਕਰਵਾਉਣ ਦਾ ਸੱਦਾ ਦਿਤਾ। ਉਪ੍ਰੰਤ ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ਼
ਖ਼ਾਲਸਾ ਦੀਵਾਨ, ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ, ਆਦਿ ਨੇ ਗੁਰਦਵਾਰਾ ਸ੍ਰੀ ਕਲਗੀਧਰ
ਸਾਹਿਬ ਵਿਖੇ ਮਿ. ਪੀਟਰ ਸਿੰਘ ਵਿਰਦੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।