ਸਾਧ ਧਨਵੰਤ ਸਿੰਘ, ਦਲਜੀਤ ਸ਼ਿਕਾਗੋ ਅਤੇ ਸੌਦਾ ਸਾਧ ਮਾਮਲੇ 'ਚ ਜਥੇਦਾਰਾਂ ਦੀ ਹੋਈ ਬਦਨਾਮੀ
Published : Sep 2, 2017, 10:36 pm IST
Updated : Sep 2, 2017, 5:06 pm IST
SHARE ARTICLE


ਕੋਟਕਪੂਰਾ, 2 ਸਤੰਬਰ (ਗੁਰਿੰਦਰ ਸਿੰਘ): ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ ਸੌਦਾ ਸਾਧ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਐਲਾਨ ਦੇਣ ਦੀ ਘਟਨਾ ਨੇ ਸਮੁੱਚੇ ਡੇਰਾਵਾਦ ਦੇ ਨਾਲ-ਨਾਲ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਨੂੰ ਵੀ ਖ਼ਤਰੇ 'ਚ ਪਾ ਦਿਤਾ ਹੈ ਕਿਉਂਕਿ ਤਖ਼ਤਾਂ ਦੇ ਜਥੇਦਾਰਾਂ ਨੇ ਅਪਣੇ ਸਿਆਸੀ ਅਕਾਵਾਂ ਦੀ ਆਗਿਆ ਦਾ ਪਾਲਣ ਕਰਦਿਆਂ ਸਾਧ ਧਨਵੰਤ ਸਿੰਘ ਅਤੇ ਦਲਜੀਤ ਸਿੰਘ ਸ਼ਿਕਾਗੋ ਨੂੰ ਬਲਾਤਕਾਰ ਵਰਗੇ ਸੰਗੀਨ ਮਾਮਲਿਆਂ ਤੋਂ ਦੋਸ਼ ਮੁਕਤ ਕਰਾਰ ਦੇ ਦਿਤਾ ਸੀ ਜਦਕਿ ਦੁਨਿਆਵੀ ਅਦਾਲਤਾਂ ਨੇ ਉਪਰੋਕਤ ਦੋਹਾਂ ਸਾਧਾਂ ਨੂੰ ਉਕਤ ਮਾਮਲਿਆਂ 'ਚ ਦੋਸ਼ੀ ਮੰਨਦਿਆਂ ਸਜ਼ਾਵਾਂ ਸੁਣਾਈਆਂ। ਸੌਦਾ ਸਾਧ ਮਾਮਲੇ 'ਚ ਵੀ ਤਖ਼ਤਾਂ ਦੇ ਜਥੇਦਾਰਾਂ ਦੀ ਸ਼ੱਕੀ ਭੂਮਿਕਾ ਦੇ ਬਾਵਜੂਦ ਦੁਨਿਆਵੀ ਅਦਾਲਤ ਦੇ ਸਜ਼ਾ ਸੁਣਾਉਣ ਵਾਲੇ ਫ਼ੈਸਲੇ ਨੇ ਤੀਜੀ ਵਾਰ ਫਿਰ ਤਖ਼ਤਾਂ ਦੇ ਜਥੇਦਾਰਾਂ ਨੂੰ ਗ਼ੈਰ ਜ਼ਿੰਮੇਵਾਰ, ਸ਼ੱਕੀ ਅਤੇ ਸਿਆਸੀ ਆਕਾਵਾਂ ਦੇ ਹੱਥਠੋਕੇ ਸਿੱਧ ਕਰ ਦਿਤਾ ਹੈ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਦੋਸ਼ 'ਚ ਸੌਦਾ ਸਾਧ ਵਿਰੁਧ ਹੁਕਮਨਾਮਾ ਜਾਰੀ ਕਰਨ ਵਾਲੇ ਤਖ਼ਤਾਂ ਦੇ ਜਥੇਦਾਰਾਂ ਨੇ 24 ਸਤੰਬਰ 2015 ਨੂੰ ਆਪਣੇ ਸਿਆਸੀ ਆਕਾਵਾਂ ਦੇ ਹੁਕਮਾਂ 'ਤੇ ਬਿਨਾਂ ਪੇਸ਼ੀ ਤੋਂ ਮੁਆਫ਼ ਕਰਨ ਅਤੇ ਹੁਕਮਨਾਮਾਂ ਵਾਪਸ ਲੈਣ ਦਾ ਐਲਾਨ ਕਰ ਦਿਤਾ ਪਰ ਦੇਸ਼ ਵਿਦੇਸ਼ ਦੇ ਪੰਥਦਰਦੀਆਂ ਅਤੇ ਸਿੱਖ ਸੰਗਤ ਦੇ ਵਿਰੋਧ ਕਾਰਨ ਤਖ਼ਤਾਂ ਦੇ ਜਥੇਦਾਰਾਂ ਨੇ ਸਿਰਫ਼ 22 ਦਿਨਾਂ ਬਾਅਦ ਅਰਥਾਤ 16 ਅਕਤੂਬਰ ਨੂੰ ਅਪਣਾ ਫ਼ੈਸਲਾ ਬਦਲ ਦਿਤਾ।
ਜਾਗਰੂਕ ਤਬਕਾ ਹੈਰਾਨਗੀ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦਈ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨਾਲ ਘੋਰ ਵਿਤਕਰਾ, ਸ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਿਰੁਧ ਅਖੌਤੀ ਛੇਕੂਨਾਮਾ, ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਵਰਗਿਆਂ ਨੂੰ ਬਿਨਾਂ ਕਸੂਰੋਂ ਤਲਬ ਕਰਨ, ਮਿਸ਼ਨਰੀ ਕਾਲਜਾਂ ਦੀ ਕਾਰਗੁਜਾਰੀ 'ਤੇ ਸ਼ੱਕ ਕਰਨ ਅਤੇ ਪੰਥਵਿਰੋਧੀ ਸ਼ਕਤੀਆਂ ਦੇ ਸਮਾਗਮਾਂ 'ਚ ਸ਼ਮੂਲੀਅਤ ਕਰਨ ਵਾਲੇ ਤਖ਼ਤਾਂ ਦੇ ਜਥੇਦਾਰਾਂ ਕੋਲ ਕੀ ਅਜੇ ਵੀ ਜਥੇਦਾਰੀਆਂ ਮਾਣਨ ਦਾ ਹੱਕ ਬਾਕੀ ਰਹਿ ਜਾਂਦਾ ਹੈ? ਉਹ ਹਾਕਮਾਂ ਦੀ ਰਬੜ ਦੀ ਮੋਹਰ ਹੀ ਸਾਬਤ ਹੋਏ।
ਬਾਬਾ ਦਲਜੀਤ ਸਿੰਘ ਸ਼ਿਕਾਗੋ ਵਲੋਂ ਅਪਣੀ ਪਤਨੀ ਰਮਿੰਦਰ ਕੌਰ  ਉਰਫ਼ ਜਸਵੀਰ ਕੌਰ ਪੁੱਤਰੀ ਰਤਨ ਸਿੰਘ ਵਾਸੀ ਮੋਹਾਲੀ ਤੋਂ ਤਲਾਕ ਲੈਣ ਲਈ ਰੋਪੜ ਦੀ ਫ਼ਾਸਟ ਟਰੈਕ ਅਦਾਲਤ 'ਚ ਅਰਜ਼ੀ ਦਾਖ਼ਲ ਕੀਤੀ ਸੀ ਜੋ ਅਦਾਲਤ ਨੇ ਰੱਦ ਕਰ ਦਿਤੀ ਅਤੇ ਦਲਜੀਤ ਸਿੰੰਘ ਸ਼ਿਕਾਗੋ ਦੀ ਪਤਨੀ ਨੇ ਅਕਾਲ ਤਖ਼ਤ ਦੇ ਤਤਕਾਲੀਨ ਮੁੱਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ 21-2-2002 ਨੂੰ ਲਿਖਤੀ ਅਰਜ਼ੀ ਸੌਂਪਦਿਆਂ ਬੇਨਤੀ ਕੀਤੀ ਸੀ ਕਿ ਮੇਰੀ ਅਤੇ ਮੇਰੇ ਮਾਸੂਮ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਮੈਨੂੰ ਝੂਠੇ ਦੋਸ਼ ਲਾ ਕੇ ਅਦਾਲਤਾਂ 'ਚ ਜ਼ਲੀਲ ਕੀਤਾ ਜਾ ਰਿਹਾ ਹੈ ਪਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੋਈ ਸੁਣਵਾਈ ਨਾ ਕੀਤੀ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਰੌਲਾ ਪਾਇਆ ਕਿ ਦਲਜੀਤ ਸਿੰਘ ਸ਼ਿਕਾਗੋ ਵਲੋਂ ਅਪਣੀ ਪਤਨੀ ਨੂੰ ਤਲਾਕ ਦੇਣ ਦੀ ਅਰਜ਼ੀ ਗੁਰਮਤਿ ਵਿਰੋਧੀ ਹੈ, ਦਲਜੀਤ ਦੇ ਗ਼ੈਰ ਔਰਤਾਂ ਨਾਲ ਨਾਜਾਇਜ਼ ਸਬੰਧਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀ ਸੁਰਖ਼ੀਆਂ ਬਣੀਆਂ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਦਲਜੀਤ ਸਿੰਘ ਸ਼ਿਕਾਗੋ ਨਾਲ ਵਿਦੇਸ਼ 'ਚ ਕਈ ਧਾਰਮਕ ਸਮਾਗਮ ਕਰਵਾਏ ਗਏ ਅਤੇ ਕਈ ਸਟੇਜਾਂ ਸਾਂਝੀਆਂ ਕੀਤੀਆਂ ਗਈਆਂ। ਗਿਆਨੀ ਵੇਦਾਂਤੀ ਨੇ ਤਾਂ ਪੀੜਤ ਅਬਲਾ ਦੀ ਸੁਣਵਾਈ ਨਾ ਕੀਤੀ ਪਰ ਉਸ ਨੂੰ ਅਦਾਲਤ ਰਾਹੀਂ ਇਨਸਾਫ਼ ਮਿਲ ਗਿਆ।
ਵਿਸ਼ਵ ਰੂਹਾਨੀ ਚੈਰੀਟੇਬਲ ਸੰਸਥਾ ਪੱਲੀ-ਝਿੱਕੀ (ਗੁਰਦਾਸਪੁਰ) ਦੇ ਮੁਖੀ ਬਾਬਾ ਧਨਵੰਤ ਸਿੰਘ ਨੂੰ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ 'ਚ ਦਰਜ ਮਾਮਲੇ 'ਚ  29 ਜਨਵਰੀ 2005 ਨੂੰ ਹੁਸ਼ਿਆਰਪੁਰ ਦੀ ਅਦਾਲਤ ਨੇ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਉਸ ਸਮੇਂ ਅਖ਼ਬਾਰਾਂ ਦੀ ਸੁਰਖ਼ੀਆਂ ਬਣੀ ਉਕਤ ਖ਼ਬਰ 'ਚ ਵੀ ਪੀੜਤ ਲੜਕੀ ਵਲੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤਕ ਪਹੁੰਚ ਕਰਨ, ਇਨਸਾਫ਼ ਮੰਗਣ ਦਾ ਜ਼ਿਕਰ ਆਇਆ ਅਤੇ ਪੰਥਦਰਦੀਆਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਪ੍ਰੋ. ਮਨਜੀਤ ਸਿੰਘ ਮੁੱਖ ਸੇਵਾਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ  ਉਪਰ ਸਿੱਖੀ ਸਿਧਾਂਤਾਂ ਤੇ ਸਤਿਕਾਰਤ ਅਹੁਦਿਆਂ ਨਾਲ ਖਿਲਵਾੜ ਕਰਨ ਦੇ ਦੋਸ਼ ਲਾ ਕੇ ਅਸਤੀਫ਼ਿਆਂ ਦੀ ਮੰਗ ਵੀ ਕੀਤੀ ਸੀ।
30 ਜਨਵਰੀ 2012 ਅਤੇ 4 ਫ਼ਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਉਸ ਵੇਲੇ ਸੌਦਾ ਸਾਧ ਨੇ ਐਲਾਨ ਕੀਤਾ ਜਦ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਦੀਆਂ ਕਥਿਤ ਹਰਕਤਾਂ ਤੋਂ ਪੰਥਦਰਦੀ ਅਤੇ ਸਿੱਖ ਸੰਗਤ ਨਾਰਾਜ਼ ਸੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਅਕਾਲੀਆਂ ਨੂੰ ਸੌਦਾ ਸਾਧ ਨਾਲ ਕਿਸੇ ਕਿਸਮ ਦਾ ਤਾਲਮੇਲ ਰੱਖਣ ਤੋਂ ਸਖ਼ਤੀ ਨਾਲ ਵਰਜਨ ਬਾਰੇ ਬਕਾਇਦਾ ਐਲਾਨ ਕੀਤਾ ਹੋਇਆ ਸੀ। ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਲੈਣ ਲਈ ਬਾਦਲ ਦਲ ਨੇ ਹਰ ਤਰ੍ਹਾਂ ਦਾ ਸਿਆਸੀ ਹੱਥਕੰਢਾ ਅਪਣਾਇਆ ਜਿਸ ਦਾ ਪ੍ਰਗਟਾਵਾ 18 ਅਪ੍ਰੈਲ 2017 ਨੂੰ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੁਖ ਸਿੰਘ ਨੇ ਕਰਦਿਆਂ ਦਸਿਆ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਗੁਰਬਚਨ ਸਿੰਘ ਸਮੇਤ ਸਾਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਵਿਖੇ ਅਪਣੀ ਕੋਠੀ 'ਚ ਤਲਬ ਕਰਨ ਉਪ੍ਰੰੰਤ ਹਦਾਇਤ ਕੀਤੀ ਸੀ ਕਿ ਸੌਦਾ ਸਾਧ ਨੂੰ ਬਿਨਾਂ ਸ਼ਰਤ ਮੁਆਫ਼ੀ ਦੇਣ ਦਾ ਐਲਾਨ ਕੀਤਾ ਜਾਵੇ। ਭਾਵੇਂ ਬਾਦਲਾਂ ਦੀ ਉਕਤ ਹਰਕਤ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਬੇਵੱਸੀ-ਲਾਚਾਰੀ ਦੀ ਜਾਗਰੂਕ ਤਬਕੇ ਵਲੋਂ ਆਲੋਚਨਾ ਵੀ ਹੋਈ ਪਰ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਫ਼ਾਰਗ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਜਥੇਦਾਰ ਨਿਯੁਕਤ ਕਰ ਦੇਣ ਤੋਂ ਬਾਅਦ ਉਕਤ ਚਰਚਾ ਵੀ ਠੰਡੀ ਪੈ ਗਈ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement