
ਕੋਟਕਪੂਰਾ, 25 ਸਤੰਬਰ (ਗੁਰਿੰਦਰ
ਸਿੰਘ): ਜਿਉਂ-ਜਿਉਂ ਸੰਗਤ ਜਾਗਰੂਕ ਹੁੰਦੀ ਜਾ ਰਹੀ ਹੈ ਤਿਉਂ-ਤਿਉਂ ਜਿਥੇ ਪੰਥ ਵਿਰੋਧੀ
ਸ਼ਕਤੀਆਂ ਦੀ ਸਾਜ਼ਸ਼ ਬੇਨਕਾਬ ਹੋ ਰਹੀ ਹੈ, ਉਥੇ ਪੁਜਾਰੀਵਾਦ ਨੂੰ ਵੀ ਭਾਜੜਾਂ ਪੈ ਰਹੀਆਂ
ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉਘੇ ਕਥਾਕਾਰ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਸਥਾਨਕ
ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸੰਗਤ ਦੇ ਇਕੱਠ ਨੂੰ
ਸੰਬੋਧਨ ਕਰਦਿਆਂ ਕੀਤਾ। ਸਮਾਗਮ ਮੌਕੇ ਦੋ ਉਨ੍ਹਾਂ ਸੌਦਾ ਸਾਧ ਦੇ ਪ੍ਰੇਮੀਆਂ ਨੂੰ
ਸਿਰੋਪਾਉ ਪਾ ਕੇ ਪੰਥ 'ਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਸੌਦਾ ਸਾਧ ਮਗਰ ਲੱਗਣ ਦੀ ਭੁੱਲ
ਮੰਨੀ ਅਤੇ ਰੋ-ਰੋ ਕੇ ਆਪਣੇ ਗੁਮਰਾਹ ਹੋਣ ਦੀ ਕਹਾਣੀ ਵੀ ਸੁਣਾਈ ਤੇ ਸਮੇਂ ਤੇ ਪੈਸੇ ਦੀ
ਬਰਬਾਦੀ ਬਾਰੇ ਵੀ ਦਸਿਆ।
ਭਾਈ ਪਰਮਜੀਤ ਸਿੰਘ ਨੇ ਸ਼੍ਰੋਮਣੀ ਭਗਤਾਂ ਰਵੀਦਾਸ ਜੀ,
ਨਾਮਦੇਵ ਜੀ ਅਤੇ ਕਬੀਰ ਜੀ ਦੀ ਜ਼ਿੰਦਗੀ ਦੀਆਂ ਸਚਾਈ 'ਤੇ ਤੁਰਨ ਬਦਲੇ ਆਈਆਂ ਮੁਸ਼ਕਲਾਂ ਤੇ
ਸਮੱਸਿਆਵਾਂ ਦਾ ਵਿਖਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸੱਚ ਸੀ। ਉਨ੍ਹਾਂ ਕਿਹਾ ਕਿ ਉਕਤ
ਭਗਤਾਂ ਨੇ ਸੰਗਰਾਂਦ, ਪੂਰਨਮਾਸ਼ੀ, ਮਸਿਆ, ਸਰਾਧ ਕਰਾ ਕੇ ਜਾਂ ਵਰਤ ਰੱਖ ਕੇ ਰੱਬ ਨਹੀਂ
ਸੀ ਪਾਇਆ ਪਰ ਅੱਜ ਉਕਤ ਕਰਮਕਾਂਡ ਦੇ ਪਸਾਰੇ ਰਾਹੀਂ ਪੁਜਾਰੀਵਾਦ ਨੇ ਸੰਗਤ ਨੂੰ ਗੁਮਰਾਹ
ਕਰ ਕੇ ਉਨ੍ਹਾਂ ਦੀ ਲੁੱਟ ਜਾਰੀ ਰੱਖੀ ਹੋਈ ਹੈ, ਜੇ ਗੁਰਦਵਾਰਿਆਂ ਵਿਚ ਵੀ ਇਸ ਤਰ੍ਹਾਂ ਦੇ
ਕਰਮਕਾਂਡ ਵੇਖਣ ਨੂੰ ਮਿਲਣ ਤਾਂ ਸਿਰ ਸ਼ਰਮ ਨਾਲ ਝੁੱਕ ਜਾਣਾ ਸੁਭਾਵਕ ਹੈ। ਉਨ੍ਹਾਂ ਸੌਦਾ
ਸਾਧ ਸਮੇਤ ਕੁੱਝ ਹੋਰ ਡੇਰੇਦਾਰਾਂ ਦਾ ਨਾਂਅ ਲੈਂਦਿਆਂ ਕਿਹਾ ਕਿ ਜਾਗਰੂਕ ਹੋ ਚੁੱਕੀ ਸੰਗਤ
ਨੂੰ ਹੁਣ ਡੇਰੇਦਾਰਾਂ ਮਗਰ ਲੱਗ ਕੇ ਸਮਾਂ ਬਰਬਾਦ ਕਰਨ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ,
ਭੁੱਬਾਂ ਮਾਰ-ਮਾਰ ਕੇ ਰੋਂਦਿਆਂ ਅਪਣੀ ਹੱਡਬੀਤੀ ਬਿਆਨ ਕਰਦੇ ਹਨ। ਕੁੱਝ ਸੱਜਣ, ਜਿਨ੍ਹਾਂ
ਡੇਰੇਦਾਰਾਂ ਦੇ ਝਾਂਸੇ 'ਚ ਆ ਕੇ ਪੈਸਾ ਅਤੇ ਸਮਾਂ ਤਾਂ ਬਰਬਾਦ ਕੀਤਾ, ਨਾਲ ਅਪਣੀ ਔਲਾਦ
ਦਾ ਭਵਿੱਖ ਵੀ ਦਾਅ 'ਤੇ ਲਾ ਦਿਤਾ।
ਭਾਈ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ
ਇਥੇ ਹੋਰ ਵੀ ਬੜੇ ਸੌਦਾ ਸਾਧ ਵਰਗੇ ਪਖੰਡੀ ਡੇਰੇਦਾਰ ਅਜੇ ਮੌਜੂਦ ਹਨ, ਜਿਨ੍ਹਾਂ ਦੀਆਂ
ਕਰਤੂਤਾਂ ਸਾਹਮਣੇ ਆਉਣੀਆਂ ਬਾਕੀ ਹਨ।