
ਫ਼ਿਰੋਜ਼ਪੁਰ,
3 ਸਤੰਬਰ (ਬਲਬੀਰ ਸੰਘ ਜੋਸਨ): ਜੇਲ ਵਿਚ ਬੰਦ ਸਿਰਸਾ ਡੇਰਾ ਮੁਖੀ ਸੌਦਾ ਸਾਧ ਵਿਰੁਧ
2007 ਵਿਚ ਸਲਾਬਤਪੁਰਾ ਬਠਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਜਾਮ ਏ
ਇੰਸਾਂ ਪਿਲਾਉਣ ਤੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਸ ਮੁਕੱਦਮੇ ਨੂੰ ਬਾਅਦ ਵਿਚ ਰੱਦ ਕਰ ਦਿਤਾ ਗਿਆ ਸੀ। ਇਸ ਮੁਕੱਦਮੇ ਨੂੰ ਮੁੜ ਬਹਾਲ ਕਰਵਾ
ਕੇ ਸੌਦਾ ਸਾਧ ਨੂੰ ਇਸ ਮਾਮਲੇ ਵਿਚ ਸਜ਼ਾ ਦਿਵਾਉਣ ਲਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ
ਦੇ ਪ੍ਰਧਾਨ ਨਾਲ ਵਿਚਾਰ ਕਰਨਗੇ।
ਇਹ ਪੁਛੇ ਜਾਣ 'ਤੇ ਕਿ ਇਸ ਮੁਕੱਦਮੇ ਦੇ ਮੁਦਈ
ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਸਿੰਘ ਸਭਾ ਗੁਰਦਵਾਰਾ ਬਠਿੰਡਾ ਵਲੋਂ ਮੀਡੀਆ ਨੂੰ ਜਾ
ਦਿਤੇ ਬਿਆਨ ਕਿ ਸੌਦਾ ਸਾਧ ਵਿਰੁਧ ਇਸ ਮੁਕੱਦਮੇ ਨੂੰ ਵਾਪਸ ਲੈਣ ਲਈ ਅਕਾਲੀ ਮੰਤਰੀਆਂ ਤੇ
ਬਾਦਲ ਪਰਵਾਰ ਨੇ ਉਸ 'ਤੇ ਦਬਾਅ ਬਣਾਇਆ ਸੀ ਕਿ ਉਹ ਮੁਕੱਦਮਾ ਵਾਪਸ ਲਵੇ ਤਾਂ 'ਜਥੇਦਾਰ'
ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ
ਕੇਸ ਨੂੰ ਬਹਾਲ ਕਰਵਾਉਣ ਅਤੇ ਕਿਉਂਕਿ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ
ਪਹਿਰਾ ਦਿੰਦਿਆ ਬਹੁਤ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ ਇਸ ਲਈ ਇਹ ਪਰਚਾ ਬਹਾਲ ਕਰਵਾ ਕੇ
ਸਜ਼ਾ ਦੇ ਭਾਗੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਕਰੋੜਾਂ ਸਿੱਖਾਂ ਨੂੰ ਇਨਸਾਫ਼ ਮਿਲ ਸਕੇ।
'ਜਥੇਦਾਰ'
ਨੇ ਕਿਹਾ ਕਿ ਸੌਦਾ ਸਾਧ ਨੂੰ ਰੱਬ ਮੰਨ ਸਿੱਖ ਨੌਜਵਾਨਾਂ ਵਿਰੁਧ ਹੁਣ ਤਕ ਦਰਜ ਕੀਤੇ
ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੀਟਿੰਗ ਕਰਨਗੇ ਕਿਉਂਕਿ
ਕਾਨੂਨੀ ਲੜਾਈ ਉਹ ਸ਼੍ਰੋਮਣੀ ਕਮੇਟੀ ਰਾਹੀਂ ਲੜੀ ਜਾ ਸਕਦੀ ਹੈ।
ਇਸ ਮੌਕੇ ਸਿੱਖ
ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕਤਰ ਦਿਲਬਾਗ ਸਿੰਘ ਵਿਰਕ, ਬਾਬਾ ਹਰਜੀਤ
ਸਿੰਘ ਮੁੱਖ ਸੇਵਾਦਾਰ ਗੁਰਦਵਾਰਾ ਬਾਬਾ ਰਾਮ ਲਾਲ, ਸੁਖਦੇਵ ਸਿੰਘ ਭਦਰੂ ਵੀ ਹਾਜ਼ਰ ਸਨ।