
ਕੋਟਕਪੂਰਾ/ਪਟਿਆਲਾ,
29 ਅਗੱਸਤ (ਗੁਰਿੰਦਰ ਸਿੰਘ/ਰਾਣਾ ਰੱਖਣਾ): ਅਮਰੀਕਾ ਦੀਆਂ ਗੁਰਦਵਾਰਾ ਕਮੇਟੀਆਂ ਤੇ
ਸਿੱਖ ਜਥੇਬੰਦੀਆਂ ਵਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ
ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਕਿ ਸੌਦਾ ਸਾਧ ਨੂੰ ਅਕਾਲ ਤਖ਼ਤ ਦੀ
ਜਥੇਦਾਰੀ 'ਤੇ ਕਬਜ਼ਾ ਕਰੀਂ ਬੈਠੇ ਸਰਕਾਰੀ ਜਥੇਦਾਰਾਂ ਨੇ ਮੁਆਫ਼ ਕਰ ਕੇ ਸਿੱਖ ਕੌਮ ਨੂੰ
ਭੰਬਲਭੁੱਸੇ 'ਚ ਪਾਉਣ ਦੀ ਗ਼ਲਤੀ ਕੀਤੀ ਸੀ ਜਿਸ ਲਈ ਇਨ੍ਹਾਂ ਨੂੰ ਪੰਜ ਪਿਆਰਿਆਂ ਕੋਲ ਪੇਸ਼
ਹੋ ਕੇ ਅਪਣੀ ਗ਼ਲਤੀ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਸਜ਼ਾ ਲਵਾ ਕੇ ਤਖ਼ਤਾਂ ਦੀ ਜਥੇਦਾਰੀ
ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।
ਕੋਆਰਡੀਨੇਸ਼ਨ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼
ਇਕੱਤਰਤਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜੋ ਜਥੇਦਾਰ ਅਕਾਲ ਤਖ਼ਤ 'ਤੇ ਬਿਠਾਏ ਗਏ ਹਨ, ਉਹ
ਅਸਲ ਵਿਚ ਅਕਾਲੀ ਦਲ ਬਾਦਲ ਦੇ ਹੱਥਾਂ 'ਚ ਖੇਡਦੇ ਹੋਏ ਸਿੱਖੀ ਸਿਧਾਂਤਾਂ ਤੋਂ ਕੌਮ ਨੂੰ
ਭਟਕਾਉਣ ਦਾ ਕੰਮ ਹੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਥੇਦਾਰ
ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਹੁਸ਼ਿਆਰਪੁਰ ਡੇਰੇ ਦੇ ਇਕ ਮਹੰਤ ਨੂੰ ਬਲਾਤਕਾਰ ਦੇ
ਦੋਸ਼ਾਂ ਵਿਚ ਮਾਮੂਲੀ ਸਜ਼ਾ ਦੇ ਕੇ ਮੁਆਫ਼ੀ ਕੀਤਾ ਸੀ ਪਰ ਬਾਅਦ 'ਚ ਉਸ ਨੂੰ ਅਦਾਲਤ ਨੇ ਸਜ਼ਾ
ਸੁਣਾਈ ਸੀ, ਗਿਆਨੀ ਗੁਰਬਚਨ ਸਿੰਘ ਨੇ ਸ਼ਿਕਾਗੋ ਵਾਲੇ ਨੂੰ ਵੀ ਥੋੜੀ ਸਜ਼ਾ ਸੁਣਾ ਕੇ ਮੁਆਫ਼
ਕੀਤਾ ਸੀ ਜਦਕਿ ਉਸ 'ਤੇ ਵੀ ਬਾਅਦ ਵਿਚ ਗੰਭੀਰ ਦੋਸ਼ ਸਾਹਮਣੇ ਆਏ। ਕਮੇਟੀ ਦੇ ਕੋਆਰਡੀਨੇਟਰ
ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ
ਦਵਿੰਦਰ ਸਿੰਘ ਦਿਉ ਨੇ ਕਿਹਾ ਕਿ ਹੁਣ 2015 ਵਿਚ ਸਰਬੱਤ ਖ਼ਾਲਸਾ ਵਿਚ ਥਾਪੇ ਗਏ ਜਥੇਦਾਰਾਂ
ਨੂੰ ਕੌਮੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਾਏ ਲੈ ਕੇ ਕੌਮ ਨੂੰ ਸੰਦੇਸ਼ ਦੇ ਕੇ ਸੇਵਾ
ਸੰਭਾਲਣ ਦੀ ਲੋੜ ਹੈ ਤਾਕਿ ਬਾਦਲ ਦਲੀਆਂ ਵਲੋਂ ਕੌਮ ਵਿਚ ਪੈਦਾ ਕੀਤੀਆਂ ਆਰਐਸਐਸ ਦੀਆਂ
ਰਵਾਇਤਾਂ ਨੂੰ ਖ਼ਤਮ ਕੀਤਾ ਜਾ ਸਕੇ।
ਹਰਜਿੰਦਰ ਸਿੰਘ ਪਾਈਨਹਿੱਲ ਤੇ ਕੇਵਲ ਸਿੰਘ
ਸਿੱਧੂ ਨੇ ਕਿਹਾ ਕਿ ਸਾਰੀ ਸਿੱਖ ਕੌਮ ਹੁਣ ਇਕਮੁੱਠ ਹੋ ਕੇ ਸਰਕਾਰੀ ਜਥੇਦਾਰਾਂ ਨੂੰ ਕੌਮ
ਤੇ ਮੁੱਖ ਸੇਵਾਦਾਰੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਹਿੰਮਤ ਸਿੰਘ ਨੇ ਕਿਹਾ ਕਿ ਜੇ
ਜਥੇਦਾਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹ ਇਨ੍ਹਾਂ ਵਿਰੁਧ ਮੁਹਿੰਮ ਚਲਾਉਣਗੇ ਤਾਕਿ ਅਕਾਲ
ਤਖ਼ਤ ਨੂੰ ਅਜਿਹੇ ਮੌਕਾਪ੍ਰਸਤ ਲੋਕਾਂ ਤੋਂ ਆਜ਼ਾਦ ਕਰਾਇਆ ਜਾ ਸਕੇ।