
ਅੰਮ੍ਰਿਤਸਰ,
7 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਦਮਦਮੀ ਟਕਸਾਲ ਜਥਾ ਭਿੰਡਰਾਂ ਤੇ ਤਾਲਮੇਲ
ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ
ਦੇ ਮਸਲੇ ਹੱਲ ਕਰਾÀਣ ਦੇ ਬਜਾਏ, ਸਿੱਖ ਕੌਮ ਦੀ ਸਿਰਦਰਦੀ ਬਣੀ ਹੈ। ਸਿੱਖ ਕੌਮ ਨੂੰ ਇਸ
ਸਮੇਂ ਉਨ੍ਹਾਂ ਪ੍ਰਭਾਵਸ਼ਾਲੀ ਪੰਥਕ ਜਥੇਦਾਰਾਂ ਦੀ ਸਖ਼ਤ ਲੋੜ ਹੈ ਜਿਨ੍ਹਾ ਦੇ ਪ੍ਰਭਾਵ ਨਾਲ
ਪੰਥ ਵਿਚ ਏਕਤਾ ਹੋ ਸਕੇ। ਜਿੰਨੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਅੱਜ ਤਕ ਆਏ ਹਨ, ਸਾਰਿਆਂ
ਨੇ ਸਿਆਸੀ ਆਗੂਆਂ ਦੀਆਂ ਖੁਸ਼ੀਆਂ ਲੈਣ ਲਈ ਸਿੱਖੀ ਪ੍ਰਚਾਰ ਅਤੇ ਪੰਥਕ ਏਕਤਾ ਤੋਂ ਦੋਵੇਂ
ਅੱਖਾਂ ਬੰਦ ਕਰ ਕੇ ਕੰਮ ਕੀਤਾ। ਭਾਈ ਬੰਡਾਲਾ ਨੇ ਦੋਸ਼ ਲਾਇਆ ਕਿ ਗੁਰਮਤਿ ਲਹਿਰ ਮੀਡੀਆ
ਵਿਚ ਹੀ ਚਮਕਦੀ ਨਜ਼ਰ ਆਉਂਦੀ ਹੈ। ਭਾਈ ਬੰਡਾਲਾ ਮੁਤਾਬਕ ਕੁਰਬਾਨੀ ਵਾਲੇ ਸਿੱਖਾਂ ਨੂੰ
ਸ਼੍ਰੋਮਣੀ ਕਮੇਟੀ ਅਪਣੇ ਲਾਗੇ ਫਟਕਣ ਨਹੀਂ ਦਿੰਦੀ।
ਇਸ ਦੌਰਾਨ ਉਨ੍ਹਾਂ ਸ਼੍ਰੋਮਣੀ
ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਆਨੰਦਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੇ ਜ਼ਮੀਨ
ਘਪਲੇ ਦਾ ਮਾਮਲਾ ਜਨਤਕ ਕਰਨ। ਬੰਡਾਲਾ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ
ਆਨੰਦਪੁਰ ਸਾਹਿਬ ਵਾਲੀ ਕੋਠੀ 70 ਲੱਖ ਦੀ ਖ਼ਰੀਦ ਕੇ ਸ਼੍ਰੋਮਣੀ ਕਮੇਟੀ ਨੂੰ ਦੋ ਕਰੋੜ ਸੱਤਰ
ਲੱਖ ਦੀ ਮੜ੍ਹ ਦਿਤੀ ਹੈ। ਭਾਈ ਬੰਡਾਲਾ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਰਫ਼ਾ-ਦਫ਼ਾ
ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।