
ਹੁਸ਼ਿਆਰਪੁਰ,
3 ਸਤੰਬਰ (ਅਰਮਿੰਦਰ ਸਿੰਘ ਕਾਲੂਵਾਹਰ): ਸਿੱਖ ਸਦਭਾਵਨਾ ਦਲ ਵਲੋਂ ਪੰਜਾਬੀ ਭਾਸ਼ਾ ਦੇ
ਹੱਕ ਵਿਚ ਖੜਨ ਅਤੇ ਪੂਰਬੀ ਪ੍ਰਾਂਤ ਸਿਕਮ ਵਿਖੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ
ਪ੍ਰਾਪਤ ਇਤਿਹਾਸਕ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ 6 ਸਤੰਬਰ ਨੂੰ ਜ਼ਿਲ੍ਹਾ
ਪਧਰੀ ਮੰਗ ਪੱਤਰ ਦੇਣ ਦਾ ਐਲਾਨ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਗਿਆ।
ਦਲ ਦੀ
ਵਿਸ਼ੇਸ਼ ਮੀਟਿੰਗ ਬਾਬਾ ਗੁਰਮੀਤ ਸਿੰਘ ਜੀ (ਗੁਰਦੁਆਰਾ ਰਾਮਪੁਰ ਖੇੜਾ ਸਾਹਿਬ) ਦੀ ਅਗਵਾਈ
ਹੇਠ ਹੋਈ ਜਿਸ ਦੌਰਾਨ ਦਲ ਦੇ ਸਕੱਤਰ ਜਨਰਲ ਭਾਈ ਗੁਰਚੇਤਨ ਸਿੰਘ ਅਤੇ ਸੀਨੀਆਰ ਮੀਤ
ਪ੍ਰਧਾਨ ਦੋਆਬਾ ਜ਼ੋਨ ਭਾਈ ਹਰਿੰਦਰਪਾਲ ਸਿੰਘ ਖ਼ਾਲਸਾ ਵਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਵਲੋਂ ਪੰਜਾਬ ਦੇ ਹਰ ਸਕੂਲ ਵਿਚ
ਪੰਜਾਬੀ ਪੜ੍ਹਾਈ ਦਾ ਲਾਜ਼ਮੀ ਵਿਸ਼ਾ ਕੀਤੇ ਜਾਣ ਦਾ ਵਿਧਾਨ ਸਭਾ ਵਿਚ ਕਾਨੂੰਨ 19 ਦਸੰਬਰ
1967 ਵਿਚ ਪਾਸ ਕੀਤਾ ਗਿਆ ਸੀ ਜਿਸ ਨੂੰ ਅੱਖੋਂ ਪਰੋਖੇ ਕਰ ਕੇ ਕਈ ਪ੍ਰਾਈਵੇਟ ਸਕੂਲ
ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਸਕੂਲ ਵਿਚ ਪੰਜਾਬੀ
ਵਿਸ਼ੇ ਨੂੰ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਏ ਜਾਣ ਨੂੰ ਲਾਜ਼ਮੀ ਕਰਾਉਣ ਲਈ ਪੰਜਾਬ ਸਰਕਾਰ
ਨੂੰ ਮੰਗ ਪੱਤਰ ਦਿਤੇ ਜਾਣਗੇ ਅਤੇ ਦੂਸਰੇ ਪੜਾਅ ਤਹਿਤ ਜੋ ਸਕੂਲ ਮਿੱਥੇ ਸਮੇਂ ਅੰਦਰ ਵੀ
ਇਸ ਕਾਨੂੰਨ ਨੂੰ ਲਾਗੂ ਨਹੀਂ ਕਰਨਗੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਦਾ ਰਾਹ ਪੱਧਰਾ
ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਧਾਰ ਕਾਰਡਾਂ ਸਮੇਤ ਜ਼ਰੂਰੀ ਦਸਤਾਵੇਜ਼ਾਂ ਵਿਚ ਹਿੰਦੀ
ਦੇ ਨਾਲ ਨਾਲ ਕਿਸੇ ਵੀ ਸੂਬੇ ਦੀ ਮਾਤ ਭਾਸ਼ਾ ਨੂੰ ਵੀ ਲਾਜ਼ਮੀ ਦਰਜ ਕੀਤਾ ਜਾਣਾ ਚਾਹੀਦਾ ਹੈ
ਜਿਸ ਤਹਿਤ ਪੰਜਾਬ ਵਿਚ ਆਧਾਰ ਕਾਰਡ ਸਮੇਤ ਸਾਰੇ ਸਰਕਾਰੀ ਦਸਤਾਵੇਜ਼ਾਂ ਵਿਚ ਪੰਜਾਬੀ ਭਾਸ਼ਾ
ਦੀ ਵਰਤੋਂ ਲਾਜ਼ਮੀ ਹੋਣੀ ਚਾਹੀਦੀ ਹੈ।
ਪ੍ਰੈਸ ਕਾਨਫ਼ਰੰਸ ਦੌਰਾਨ ਸਿੱਖ ਸਦਭਾਵਨਾ ਦਲ
ਦੇ ਦੋਆਬਾ ਜ਼ੋਨ ਦੇ ਕਈ ਅਹਿਮ ਆਗੂ ਮੌਜੂਦ ਸਨ ਜਿਨ੍ਹਾਂ ਵਿਚ ਸ. ਅਕਬਰ ਸਿੰਘ ਬੂਰੇ,
ਗੁਰਲਾਲ ਸਿੰਘ ਲਾਲੀ, ਮਹਾਂ ਸਿੰਘ ਸੈਲਾ, ਸਾਧੂ ਸਿੰਘ ਆਦਿ ਹਾਜ਼ਰ ਸਨ। ਪ੍ਰੈਸ ਕਾਨਫਰੰਸ
ਉਪਰੰਤ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸ. ਅਕਬਰ ਸਿੰਘ ਬੂਰੇ ਜੱਟਾਂ ਅਤੇ ਬਾਬਾ ਜਸਵਿੰਦਰ
ਸਿੰਘ ਬਡਿਆਲਾ ਨੂੰ ਸਿੱਖ ਸਦਭਾਵਨਾ ਦਲ ਦੀ ਜਨਰਲ ਸਭਾ ਦੇ ਮੈਂਬਰ ਨਿਯੁਕਤ ਕੀਤਾ ਗਿਆ। ਸ.
ਗੁਰਲਾਲ ਸਿੰਘ ਲਾਲੀ, ਮਹਾਂ ਸਿੰਘ ਸੈਲਾ ਅਤੇ ਸੁਪ੍ਰੀਤ ਸਿੰਘ ਨੂੰ ਜ਼ਿਲ੍ਹਾ ਹੁਸ਼ਿਆਰਪੁਰ
ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ।