
ਅੰਮ੍ਰਿਤਸਰ,
4 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ ਨੇ
ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦੀ ਗ਼ੈਰ ਮੌਜੂਦਗੀ 'ਚ ਯਾਦ
ਪੱਤਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਮੰਗ ਕੀਤੀ ਕਿ ਸੌਦਾ ਸਾਧ ਦੇ ਹੱਕ ਵਿਚ ਸਿਆਸੀ ਦਬਾਅ ਹੇਠ ਸ਼੍ਰੋਮਣੀ ਕਮੇਟੀ ਵਲੋਂ
15 ਸਤੰਬਰ 2015 ਨੂੰ ਪਾਸ ਕੀਤਾ ਮਤਾ ਰੱਦ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਸ਼੍ਰੋਮਣੀ
ਕਮੇਟੀ ਦਾ ਵਿਸ਼ੇਸ਼ ਅਜਲਾਸ ਸੱਦਣ ਦੀ ਮੰਗ ਕੀਤੀ। ਸੌਦਾ ਸਾਧ ਨੇ 2007 ਵਿਚ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਸੰਚਾਰ ਦੀ ਵਿਧੀ ਦੀ ਨਕਲ ਕੀਤੀ ਤਾਂ ਉਸ ਸਮੇ ਸਿੱਖ ਸੰਗਤ
ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਉਸ ਸਮੇਂ ਇਸ ਝੂਠੇ ਸਾਧ ਦੇ ਵਿਰੁਧ ਅਕਾਲ ਤਖ਼ਤ ਤੋਂ
ਹੁਕਮਨਾਮਾ ਜਾਰੀ ਹੋਇਆ ਸੀ। ਸ਼ਾਹਪੁਰ ਨੇ ਅਫ਼ਸੋਸ ਨਾਲ ਕਿਹਾ ਕਿ ਇਸ ਸਾਧ ਵਿਰੁਧ ਦਰਜ ਹੋਏ
ਕੇਸ ਨੂੰ ਸਰਕਾਰੀ ਦਬਾਅ ਨਾਲ ਵਾਪਸ ਲੈ ਲਿਆ ਗਿਆ। ਇਥੇ ਹੀ ਬਸ ਨਹੀਂ, ਸੱਭ ਕੁੱਝ ਚੰਗੀ
ਤਰ੍ਹਾਂ ਜਾਣਦੇ ਹਨ ਕਿ ਕਿਸ ਤਰ੍ਹਾਂ ਰਾਜਸੀ ਦਬਾਅ ਅਧੀਨ ਅਕਾਲ ਤਖ਼ਤ 'ਤੇ ਇਸ ਝੂਠੇ ਸਾਧ
ਨੂੰ ਮੁਆਫ਼ੀਨਾਮਾ ਜਾਰੀ ਕਰਵਾ ਦਿਤਾ ਅਤੇ ਇਸ ਤਰ੍ਹਾਂ ਅਕਾਲ ਤਖ਼ਤ ਦੀ ਮਰਿਆਦਾ ਅਤੇ ਸਿੱਖ
ਸਿਧਾਂਤਾਂ ਦਾ ਘਾਣ ਕੀਤਾ।
ਸਿਆਸੀ ਹੁਕਮ ਅਨੁਸਾਰ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ
ਪ੍ਰਧਾਨ ਨੇ 27 ਸਤੰਬਰ 2015 ਨੂੰ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਤੇਜਾ ਸਿੰਘ
ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਬੁਲਾ ਲਈ। ਇਸ ਇਕੱਤਰਤਾ 'ਚ ਉਸ ਸਮੇਂ ਦੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਵਲੋਂ ਜਾਰੀ ਮੁਆਫ਼ੀਨਾਮੇ
ਦੀ ਮਤੇ ਰਾਹੀਂ ਸ਼ਲਾਘਾ ਕੀਤੀ। ਇਸ ਮਤੇ ਦਾ ਕੁੱਝ ਮੈਂਬਰਾਂ ਵਲੋਂ ਵਿਰੋਧ ਕੀਤਾ ਪਰ
ਉਨ੍ਹਾਂ ਦੇ ਵਿਰੋਧ ਨੂੰ ਅਣ-ਸੁਣਿਆ ਕਰ ਦਿਤਾ। ਸੰਗਤ ਵਲੋਂ ਕੀਤੇ ਵਿਰੋਧ ਕਾਰਨ ਅਕਾਲ ਤਖ਼ਤ
ਨੇ ਮੁਆਫ਼ੀਨਾਮਾ ਵਾਪਸ ਲੈ ਲਿਆ। ਸ਼ਾਹਪੁਰ ਨੇ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ
ਵਿਸ਼ੇਸ਼ ਇਕੱਤਰਤਾ ਬੁਲਾ ਕੇ 27 ਸਤੰਬਰ 2015 ਵਾਲੇ ਮਤੇ ਨੂੰ ਵਾਪਸ ਲਿਆ ਜਾਵੇ।