ਸ਼੍ਰੋਮਣੀ ਕਮੇਟੀ ਤੁਰਤ ਬੱਸੀ ਪਠਾਣਾਂ ਸਬ ਜੇਲ ਦਾ ਕਬਜ਼ਾ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦਾ ਸਥਾਨ ਸਥਾਪਤ ਕਰੇ : ਬੀਰ ਦਵਿੰਦਰ ਸਿੰਘ
Published : Nov 18, 2017, 10:47 pm IST
Updated : Nov 18, 2017, 5:17 pm IST
SHARE ARTICLE



ਬਸੀ ਪਠਾਣਾਂ, 18 ਨਵੰਬਰ (ਸੁਰਜੀਤ ਸਿੰਘ ਸਾਹੀ): ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਬਸੀ ਪਠਾਣਾਂ ਸਬ ਜੇਲ ਦਾ ਦੌਰਾ ਕੀਤਾ ਅਤੇ ਮੰਗ ਕੀਤੀ ਕਿ ਇਸ ਜੇਲ ਨੂੰ ਤੁਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਕਬਜ਼ੇ ਵਿਚ ਲੈ ਕੇ ਨੌਵੀ ਪਾਤਸ਼ਾਹੀ ਦਾ ਸਥਾਨ ਸਥਾਪਤ ਕਰੇ ਕਿਉਂਕਿ ਇਸ ਜੇਲ ਵਿਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਅਪੀਲ ਤੇ ਦਿੱਲੀ ਜਾਣ ਮੌਕੇ ਮੁਗ਼ਲ ਹਕੂਮਤ ਵਲੋਂ ਰੋਪੜ ਤੋਂ ਗ੍ਰਿਫ਼ਤਾਰ ਕਰ ਕੇ ਬਸੀ ਪਠਾਣਾਂ ਜੇਲ ਵਿਚ 4 ਮਹੀਨੇ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਨਾਲ ਕੈਦ ਰੱਖਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਾਰੇ ਇਤਿਹਾਸਕ ਦਸਤਾਵੇਜ਼ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਮਿਲ ਕੇ ਪੇਸ਼ ਕਰਨਗੇ ਤਾਕਿ ਉਹ ਇਸ ਮਾਮਲੇ ਵਿਚ ਵਿਧੀ ਪੂਰਵਕ, ਬਣਦੀ ਕਾਰਵਾਈ ਆਰੰਭ ਕਰ ਸਕਣ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਵਿਦਵਾਨ ਇਤਿਹਾਸਕਾਰਾਂ ਡਾਕਟਰ ਗੰਡਾ ਸਿੰਘ, ਡਾਕਟਰ ਫ਼ੌਜਾ ਸਿੰਘ, ਡਾਕਟਰ ਤਾਰਨ ਸਿੰਘ, ਪ੍ਰੋਫ਼ੈਸਰ ਪਿਆਰਾ ਸਿੰਘ ਪਦਮ ਤੇ ਡਾਕਟਰ ਸੁਖਦਿਆਲ ਸਿੰਘ ਦੀ ਖੋਜ ਅਨੁਸਾਰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਕਸ਼ਮੀਰੀ ਬ੍ਰਾਹਮਣਾਂ ਦੀ ਫ਼ਰਿਆਦ ਸੁਣਨ ਉਪਰੰਤ ਜਦੋਂ ਚੱਕ ਨਾਨਕੀ (ਅਨੰਦਪੁਰ ਸਾਹਿਬ) ਤੋਂ ਦਿੱਲੀ ਤਖ਼ਤ ਦੇ ਬਾਦਸ਼ਾਹ ਔਰੰਗ਼ਜ਼ੇਬ ਨਾਲ ਮੁਲਾਕਾਤ ਕਰਨ ਦੇ ਮਨਸ਼ੇ ਨਾਲ ਰਵਾਨਾ ਹੋਏ ਤਾਂ ਰਸਤੇ ਵਿਚ ਰੋਪੜ ਪੁਲਿਸ ਚੌਂਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ, ਪਰਗਨਾ ਘਨੌਲਾ ਤੋਂ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਸੂਬਾ ਸਰਹਿੰਦ ਦੇ ਆਹਲਾ ਮੁਕੱਦਮਾ ਦੇ ਪੇਸ਼ ਕਰ ਦਿਤਾ। ਜਿਥੋਂ ਸੂਬਾ ਸਰਹੰਦ ਦੇ ਹੁਕਮ ਅਨੁਸਾਰ, ਸ੍ਰੀ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਬਸੀ ਪਠਾਣਾਂ ਦੇ ਕੈਦਖ਼ਾਨੇ ਵਿਚ ਬੰਦ ਕਰ ਦਿਤਾ। ਸ. ਬੀਰ ਦਵਿੰਦਰ ਸਿੰਘ ਨੇ ਬਸੀ ਪਠਾਣਾਂ ਜੇਲ ਦਾ ਦੌਰਾ ਕਰਨ ਸਮੇਂ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਜੇਲ ਵਿਚ ਗੁਰੂ ਜੀ ਦੇ ਸਾਥੀਆਂ ਵਿਚ ਦੀਵਾਨ ਮਤੀ ਦਾਸ, ਸਤੀ ਦਾਸ ਪੁੱਤਰਾਨ ਹੀਰਾ ਮੱਲ ਛਿੱਬਰ, ਦਿਆਲ ਦਾਸ ਪੁੱਤਰ ਮਾਈ ਦਾਸ ਬਲੌਤ ਵੀ ਸ਼ਾਮਲ ਸਨ ਜੋ ਗੁਰੂ ਜੀ ਦੇ ਨਾਲ ਹੀ ਚਾਰ ਮਹੀਨੇ ਤਕ ਬਸੀ ਪਠਾਣਾਂ ਦੀ ਜੇਲ ਵਿਚ ਬੰਦ ਰਹੇ ਤੇ ਦਿੱਲੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੇ ਘੋਰ ਤਸੀਹੇ ਸਹਿ ਕੇ ਸ਼ਹਾਦਤ ਦਿਤੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ ਅਤੇ ਬਸੀ ਪਠਾਣਾਂ ਦੇ ਕੈਦਖ਼ਾਨੇ ਵਿਚ ਚਾਰ ਮਹੀਨੇ ਤਕ ਬੰਦ ਰਹਿਣ ਦਾ ਪ੍ਰਗਟਾਵਾ ਵਿਦਵਾਨ ਇਤਿਹਾਸਕਾਰਾਂ ਨੇ 'ਭਟ ਵਹੀ ਮੁਲਤਾਨੀ ਸਿੰਧੀ ਖਾਤਾ ਬਲੋਤੋਂ' ਦੇ ਹਵਾਲੇ ਨਾਲ  ਲਿਖਿਆ ਹੈ ਕਿ 'ਗੁਰੂ ਤੇਗ ਬਹਾਦਰ ਜੀ ਮਹਲ ਨਾਮਾ ਕੋ ਨੂਰ ਮੁਹੰਮਦ ਖ਼ਾਂ ਮਿਰਜ਼ਾ ਚੌਕੀ ਰੋਪੜ ਵਾਲੇ ਨੇ ਸਦਾਲ ਸ੍ਹਤਰੇ ਸੈ ਬਤੀਸ ਸਾਵਨ ਪਰਬਿਸ਼ਤੇ ਬਾਰਾਂ ਕੇ ਦਿਹੁੰ ਗਾਉਂ ਮਲਿਕੁਪੁਰ ਰੰਘੜਉ ਪਰਗਨਾ ਘਨੌਲਾ ਸੇ ਪਕੜ ਕੇ ਸਰਹੰਦ ਪਹੁੰਚਾਇਆ ਗੈਲ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰਾ ਮਲ ਛਿੱਬਰ ਕੇ ਗੈਲ ਦਿਆਲ ਦਾਸ ਬੇਟਾ ਮਾਈ ਦਾਸ ਬਲੌਤ ਕਾ ਪਕੜਿਆ ਆਇਆ ਗੁਰੂ ਜੀ ਚਾਰ ਮਾਸ ਬਸੀ ਪਠਾਣਾਂ ਕੇ ਬੰਦੀਖ਼ਾਨੇ ਮੇਂ ਬੰਦ ਰਹੇ ਆਠ ਦਿਵਸ ਟਿੱਲੀ ਕੋਤਵਾਲੀ ਮੇਨ ਕੈਦ ਰਹੇ''। ਉਨ੍ਹਾਂ ਕਿਹਾ ਕਿ ਉਪਰੋਕਤ ਹਵਾਲਿਆਂ ਅਨੁਸਾਰ ਇਹ ਜ਼ਰੂਰੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਤੁਰਤ ਬਸੀ ਪਠਾਣਾਂ ਸਬ ਜੇਲ ਦਾ ਕਬਜ਼ਾ ਪ੍ਰਾਪਤ ਕਰਨ ਲਈ ਯੋਜਨਾਬਧ ਕਾਰਵਾਈ ਕਰੇ ਤੇ ਪੰਜਾਬ ਸਰਕਾਰ ਨਾਲ ਲਿਖਤ-ਪੜ੍ਹਤ ਕਰ ਕੇ ਦਿੱਲੀ ਦੀ ਕੋਤਵਾਲੀ ਵਾਂਗ ਹੀ ਬਸੀ ਪਠਾਣਾਂ ਸਬ ਜੇਲ ਦਾ ਕਬਜ਼ਾ ਲਵੇ ਅਤੇ ਨੌਵੀਂ ਪਾਤਸ਼ਾਹੀ ਦਾ ਅਸਥਾਨ ਸਥਾਪਤ ਕਰੇ, ਜਿਥੇ ਗੁਰੂ ਤੇਗ ਬਹਾਦਰ ਸਾਹਿਬ ਲਗਪਗ ਚਾਰ ਮਹੀਨੇ ਤਕ ਕੈਦ ਰਹੇ। ਇਸ ਮੌਕੇ ਮਾਸਟਰ ਅਜੀਤ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਦਰਬਾਰਾ ਸਿੰਘ, ਜਸਬੀਰ ਸਿੰਘ ਵੰਟੀ, ਸਿਕੰਦਰ ਸਿੰਘ ਚੋਲਟੀ ਖੇੜੀ ਆਦਿ ਵੀ ਨਾਲ ਸਨ।

SHARE ARTICLE
Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement