
ਕੋਟਕਪੂਰਾ,
3 ਸਤੰਬਰ (ਗੁਰਿੰਦਰ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ
ਸਿੱਖਾਂ ਨੂੰ ਚਿੜਾਉਣ, ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ, ਭਰਾ ਮਾਰੂ ਜੰਗ ਕਰਾਉਣ
ਤੇ ਦੰਗੇ-ਫ਼ਸਾਦ ਵਰਗੇ ਹਾਲਾਤ ਪੈਦਾ ਕਰਨ ਦੀਆਂ ਵਾਪਰੀਆਂ ਦੁਖਦਾਇਕ-ਚਿੰਤਾਜਨਕ-ਅਫ਼ਸੋਸਨਾਕ
ਤੇ ਨਿੰਦਣਯੋਗ ਘਟਨਾਵਾਂ ਨੂੰ ਦਰ-ਕਿਨਾਰ ਕਰ ਕੇ ਤਖ਼ਤਾਂ ਦੇ 'ਜਥੇਦਾਰਾਂ' ਨੇ ਸਿੱਖ
ਵਿਦਵਾਨਾਂ ਦੀ ਸਹਿਮਤੀ ਅਤੇ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਤੇ ਸਮੂਹ ਸੰਗਤਾਂ ਦੀ
ਪ੍ਰਵਾਨਗੀ ਤੋਂ ਬਿਨਾਂ ਹੀ ਸੌਦਾ ਸਾਧ ਨੂੰ ਮੁਆਫ਼ ਕਰਨ ਦਾ ਜੋ ਫ਼ੈਸਲਾ ਸੁਣਾ ਦਿਤਾ ਸੀ ਉਸ
ਦੀ ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਵਲੋਂ ਨੁਕਤਾਚੀਨੀ ਹੋਣੀ ਸੁਭਾਵਕ ਸੀ।
ਸੌਦਾ
ਸਾਧ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ ਬਲਾਤਕਾਰ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ
ਤਖ਼ਤਾਂ ਦੇ 'ਜਥੇਦਾਰਾਂ' ਦੀ ਉਕਤ ਹਰਕਤ ਦੀ ਚਰਚਾ ਫਿਰ ਛਿੜ ਪਈ ਹੈ। ਇਸ ਵਾਰ ਪੰਥਕ
ਵਿਦਵਾਨਾਂ ਨੇ ਗਿਆਨੀ ਗੁਰਬਚਨ ਸਿੰਘ ਸਮੇਤ ਸਮੂਹ 'ਜਥੇਦਾਰਾਂ' ਨੂੰ ਕੁੱਝ ਸਖ਼ਤ ਸਵਾਲ
ਕਰਦਿਆਂ ਸੰਗਤਾਂ ਦੀ ਕਚਹਿਰੀ 'ਚ ਜਵਾਬ ਦੇਣ ਲਈ ਆਖਿਆ ਹੈ। ਦਰਜਨਾਂ ਇਨਕਲਾਬੀ ਪੁਸਤਕਾਂ
ਦੇ ਰਚੇਤਾ ਤੇ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਪ੍ਰਚਾਰ ਦੇ ਖੇਤਰ 'ਚ ਸਰਗਰਮ ਪ੍ਰੋ. ਇੰਦਰ
ਸਿੰਘ ਘੱਗਾ ਨੇ ਕਿਹਾ ਕਿ ਨਿਰੰਕਾਰੀਆਂ ਦੇ ਮੁਖੀ ਹਰਦੇਵ ਸਿੰਘ ਲਈ ਤਖ਼ਤਾਂ ਦੇ
'ਜਥੇਦਾਰਾਂ' ਨੇ ਸ਼ਰਤ ਰੱਖੀ ਸੀ ਕਿ ਉਹ ਖ਼ੁਦ ਅਕਾਲ ਤਖ਼ਤ 'ਤੇ ਪੇਸ਼ ਹੋਵੇ ਤੇ ਤਨਖ਼ਾਹ
ਲਵਾਵੇ, ਫਿਰ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਭਾਈ ਗੁਰਬਖ਼ਸ਼ ਸਿੰਘ
ਕਾਲਾ ਅਫ਼ਗਾਨਾ ਨੂੰ ਵੀ ਨਿਜੀ ਤੌਰ 'ਤੇ ਪੇਸ਼ ਹੋਣ ਲਈ ਆਖਿਆ ਗਿਆ, ਪਰ ਸੌਦਾ ਸਾਧ ਦੇ
ਮਾਮਲੇ 'ਚ 'ਜਥੇਦਾਰਾਂ' ਬਦਨਾਮੀ ਕਿਉਂ ਖੱਟੀ?
ਭਾਈ ਹਰਜਿੰਦਰ ਸਿੰਘ ਮਾਝੀ ਨੇ ਤਖ਼ਤਾਂ
ਦੇ 'ਜਥੇਦਾਰਾਂ' ਨੂੰ ਸਵਾਲ ਕੀਤਾ ਕਿ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ
'ਰੋਜ਼ਾਨਾ ਸਪੋਕਸਮੈਨ' ਵਿਰੁਧ ਹੁਕਮਨਾਮਾ ਜਾਰੀ ਕਰਨ ਦੀ ਉਨ੍ਹਾਂ ਦੀ ਕੀ ਮਜਬੂਰੀ ਸੀ?
ਕਿਉਂਕਿ ਰੋਜ਼ਾਨਾ ਸਪੋਕਸਮੈਨ ਨੇ ਅੱਜ ਤਕ ਪੰਥਕ ਮਸਲਿਆਂ ਨੂੰ ਬੜੇ ਸੋਹਣੇ ਢੰਗ ਨਾਲ
ਸੰਗਤਾਂ ਦੀ ਕਚਹਿਰੀ 'ਚ ਪੇਸ਼ ਹੀ ਨਹੀਂ ਕੀਤਾ, ਬਲਕਿ ਸਮੇਂ-ਸਮੇਂ ਉਸ ਨੂੰ ਹੱਲ ਕਰਨ ਦੇ
ਵਧੀਆ ਤੇ ਯੋਗ ਤਰੀਕੇ ਵੀ ਸਾਹਮਣੇ ਰੱਖੇ। ਭਾਈ ਮਾਝੀ ਨੇ ਕਿਹਾ ਕਿ ਭਾਵੇਂ ਜਾਗਦੇ ਸਿਰਾਂ
ਵਾਲੇ ਤੇ ਸੂਝਵਾਨ ਲੋਕਾਂ ਨੇ 'ਜਥੇਦਾਰਾਂ' ਦੇ ਰੋਜ਼ਾਨਾ ਸਪੋਕਸਮੈਨ ਵਿਰੁਧ ਹੋਏ ਹੁਕਮਨਾਮੇ
ਨੂੰ ਅੱਜ ਤਕ ਨਹੀਂ ਮੰਨਿਆ ਪਰ ਸੌਦਾ ਸਾਧ ਨੂੰ ਮੁਆਫ਼ ਕਰਨ ਦੇ 'ਜਥੇਦਾਰਾਂ' ਦੇ ਫ਼ੈਸਲੇ
ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਸ ਨੇ ਅਗਾਮੀ ਵਿਧਾਨ ਸਭਾ ਚੋਣਾਂ 'ਚ ਅਪਣੇ
ਚੇਲਿਆਂ ਦੀਆਂ ਵੋਟਾਂ ਦਾ ਸੌਦਾ ਕੀਤਾ ਹੋਵੇ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਅਤੇ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ
ਕਿ ਹਮੇਸ਼ਾ ਫ਼ੈਸਲਾ ਰਾਜਨੀਤਕ ਲੋਕਾਂ ਦਾ ਹੁੰਦਾ ਹੈ ਤੇ ਹੁਕਮਨਾਮਾ ਤਖ਼ਤਾਂ ਦੇ ਜਥੇਦਾਰਾਂ
ਤੋਂ ਜਾਰੀ ਕਰਵਾਇਆ ਜਾਂਦਾ ਹੈ ਪਰ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਕਿ ਜੇਕਰ ਸੌਦਾ ਸਾਧ
ਵੋਟਾਂ ਨਾ ਪੁਆਵੇ ਤਾਂ ਭਰਾ ਮਾਰੂ ਜੰਗ ਸ਼ੁਰੂ ਕਰ ਦਿਉ ਤੇ ਪੰਥ 'ਚੋਂ ਛੇਕਣ ਦਾ ਹੁਕਮਨਾਮਾ
ਵੀ ਜਾਰੀ ਹੋ ਜਾਵੇ ਤੇ ਜੇਕਰ ਉਹ ਵੋਟਾਂ ਪਾਉਣ ਲਈ ਸਹਿਮਤੀ ਦਿਖਾ ਦੇਵੇ ਤਾਂ ਮਾਫ਼ ਕਰਨ
'ਚ ਜ਼ਰਾ ਜਿੰਨੀ ਵੀ ਦੇਰੀ ਨਾ ਦਿਖਾਉ। ਪ੍ਰੋ. ਦਰਸ਼ਨ ਸਿੰਘ ਅਤੇ ਭਾਈ ਸਤਨਾਮ ਸਿੰਘ ਚੰਦੜ
ਨੇ ਕਿਹਾ ਕਿ ਇੰਦਰਾ ਗਾਂਧੀ ਨੇ ਤਾਂ ਸਾਡੇ ਗੁਰਦਵਾਰਿਆਂ ਦੀਆਂ ਇਮਾਰਤਾਂ ਡੇਗੀਆਂ, ਜੋ
ਅਸੀਂ ਸਮਾਂ ਪਾ ਕੇ ਦੁਬਾਰਾ ਉਸਾਰ ਲਈਆਂ ਪਰ ਸੌਦਾ ਸਾਧ ਵਰਗੇ ਡੇਰੇਦਾਰ ਜੋ ਸਾਡੇ ਸਿਧਾਂਤ
'ਤੇ ਹਮਲਾ ਕਰ ਰਹੇ ਹਨ, ਉਹ ਅਫ਼ਸੋਸਨਾਕ ਹੀ ਨਹੀਂ ਬਲਕਿ ਸਿੱਖ ਕੌਮ ਲਈ ਖ਼ਤਰਨਾਕ ਵੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਸਿਧਾਂਤ ਦੀ ਰਾਖੀ ਲਈ ਅਜਿਹੀਆਂ ਘਟਨਾਵਾਂ 'ਤੇ ਬਾਜ਼ ਅੱਖ
ਰੱਖਣੀ ਪਵੇਗੀ।
ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ
ਕਿਹਾ ਕਿ ਸੌਦਾ ਸਾਧ ਨਾ ਤਾਂ ਖ਼ੁਦ ਗੁਰੂ ਗੰ੍ਰਥ ਸਾਹਿਬ ਨੂੰ ਮੰਨਦਾ ਸੀ ਤੇ ਨਾ ਹੀ ਅਪਣੇ
ਚੇਲਿਆਂ ਨੂੰ ਮੰਨਣ ਦੀ ਸਲਾਹ ਦਿੰਦਾ ਸੀ।
ਸੌਦਾ ਸਾਧ ਤਾਂ ਅਪਣੀਆਂ ਫ਼ਿਲਮਾਂ ਰਾਹੀਂ
ਲੋਕਾਂ ਨੂੰ ਇਹ ਸੁਨੇਹਾ ਦਿੰਦਾ ਰਿਹਾ ਕਿ ਉਹ ਖ਼ੁਦ ਰੱਬ ਦਾ ਦੂਤ ਹੈ। ਇਸ ਲਈ 'ਜਥੇਦਾਰਾਂ'
ਨੂੰ ਅਜਿਹੇ ਪੰਥ ਨਾਲ ਸਬੰਧਤ ਵਿਵਾਦਤ ਮਸਲਿਆਂ ਦੇ ਨਿਪਟਾਰੇ ਤੋਂ ਪਹਿਲਾਂ ਸਿੱਖ ਸੰਗਤਾਂ
ਨਾਲ ਵਿਚਾਰਾਂ ਜ਼ਰੂਰ ਕਰਨੀਆਂ ਚਾਹੀਦੀਆਂ ਸਨ। ਉਨ੍ਹਾਂ ਸੁਆਲ ਕੀਤਾ ਕਿ ਸਾਲ 2007 ਤੋਂ
ਹੁਣ ਤਕ ਹੋਏ ਲੜਾਈ-ਝਗੜਿਆਂ 'ਚ ਜਿਹੜੇ ਸਿੱਖ ਨੌਜਵਾਨ ਸ਼ਹੀਦ ਹੋਏ ਜਾਂ ਜ਼ਖ਼ਮੀ ਕਰ ਦਿਤੇ ਗਏ
ਉਨ੍ਹਾਂ ਦੀ ਭਰਪਾਈ ਕੌਣ ਕਰੇਗਾ?
ਉਨ੍ਹਾਂ ਦਸਿਆ ਕਿ ਪੰਜਾਬ ਭਰ ਦੇ ਅੱਧੇ ਤੋਂ
ਜ਼ਿਆਦਾ ਪੁਲਿਸ ਥਾਣਿਆਂ 'ਚ ਸੌਦਾ ਸਾਧ ਦੇ ਚੇਲਿਆਂ ਦੀਆਂ ਸ਼ਿਕਾਇਤਾਂ ਦੇ ਅਧਾਰ 'ਤੇ
ਨਿਰਦੋਸ਼ ਸਿੱਖਾਂ ਵਿਰੁਧ ਧਾਰਾ 295-ਏ ਦੇ ਝੂਠੇ ਮਾਮਲੇ ਦਰਜ ਹਨ। ਉਨ੍ਹਾਂ ਬਾਰੇ ਤਖ਼ਤਾਂ
ਦੇ ਜਥੇਦਾਰਾਂ ਨੇ ਕਿਉਂ ਨਾ ਸੋਚਿਆ? ਕੀ ਸੌਦਾ ਸਾਧ ਨੇ ਮਾਫ਼ੀ ਮਿਲਣ ਤੋਂ ਬਾਅਦ ਉਹ ਝੂਠੇ
ਪੁਲਿਸ ਮਾਮਲੇ ਰੱਦ ਕਰਾਉਣ ਦੀ ਹਾਮੀ ਭਰੀ ਸੀ? ਕੀ ਸੌਦਾ ਸਾਧ ਨੇ ਸ਼ਹੀਦ ਹੋਏ ਸਿੰਘਾਂ ਦੇ
ਪਰਵਾਰਾਂ ਤੋਂ ਮਾਫ਼ੀ ਮੰਗਣ ਦਾ ਵਿਸ਼ਵਾਸ ਦਿਵਾਇਆ ਸੀ?