
ਆਸਾ ॥
ਆਸਾ ॥
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥
ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥
ਬਾਬਾ ਮਾਇਆ ਮੋਹ ਹਿਤੁ ਕੀਨੑ ॥
ਜਿਨਿ ਗਿਆਨੁ ਰਤਨੁ ਹਿਰਿ ਲੀਨੑ ॥੧॥ ਰਹਾਉ ॥
ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥
ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥
ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥
ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥
ਮੰਗਲਵਾਰ, ੧੯ ਮਾਘ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੪੮੨)
ਪੰਜਾਬੀ ਵਿਆਖਿਆ :
ਆਸਾ ॥
ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ । ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ।੧। ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ, ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ।੧।ਰਹਾਉ।
ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ । (ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ।੨। ਕਬੀਰ ਆਖਦਾ ਹੈ—(ਹੇ ਭਾਈ! ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ, ਅਤੇ ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ।੩।੫।੨੭।