ਅੱਜ ਦਾ ਹੁਕਮਨਾਮਾ (2 ਜੁਲਾਈ 2023)

By : GAGANDEEP

Published : Jul 2, 2023, 6:54 am IST
Updated : Jul 2, 2023, 6:54 am IST
SHARE ARTICLE
 Sachkhand Sri Harmandir Sahib
Sachkhand Sri Harmandir Sahib

ਵਡਹੰਸੁ ਮਹਲਾ ੪ ਘੋੜੀਆ

 

ਵਡਹੰਸੁ ਮਹਲਾ ੪ ਘੋੜੀਆ

ੴ ਸਤਿਗੁਰ ਪ੍ਰਸਾਦਿ ॥

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥

ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥

ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥

ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥

ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥

ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥

ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥

ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥

ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥

ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥

ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥

ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥

ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥

ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥

ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥

ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥

ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥

ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥

ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥

ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥

ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥

ਐਤਵਾਰ, ੧੮ ਹਾੜ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੫੭੫)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੪ ਘੋੜੀਆ

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! (ਮਨੁੱਖ ਦੀ) ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ । ਮਨੁੱਖਾ ਜਨਮ ਭਾਗਾਂ ਵਾਲਾ ਹੈ (ਜਿਸ ਵਿਚ ਇਹ ਕਾਂਇਆਂ ਮਿਲਦੀ ਹੈ) ਚੰਗੀ ਕਿਸਮਤਿ ਨਾਲ ਹੀ (ਜੀਵ ਨੇ ਇਹ ਕਾਂਇਆਂ) ਲੱਭੀ ਹੈ । ਹੇ ਭਾਈ! ਮਨੁੱਖਾ ਜਨਮ ਵੱਡੀ ਕਿਸਮਤਿ ਨਾਲ ਹੀ ਲੱਭਦਾ ਹੈ । ਪਰ ਉਸੇ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਮਨੁੱਖ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ । ਹੇ ਭਾਈ! ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ । ਹੇ ਭਾਈ! ਉਸੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਹੀ ਇਹ ਕਾਂਇਆਂ ਪ੍ਰਾਪਤ ਕੀਤੀ ਸਮਝ, ਪਰਮਾਤਮਾ ਦਾ ਨਾਮ ਜਿਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ । ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ ਇਹ ਕਾਂਇਆਂ) ਪਰਮਾਤਮਾ ਨੇ ਪੈਦਾ ਕੀਤੀ ਹੈ ।੧। ਹੇ ਭਾਈ! ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤਿ-ਸਾਲਾਹ ਦੀ) ਕਾਠੀ ਪਾਂਦਾ ਹਾਂ, (ਉਸ ਕਾਠੀ ਵਾਲੀ ਘੋੜੀ ਉਤੇ) ਚੜ੍ਹ ਕੇ (ਕਾਂਇਆਂ ਨੂੰ ਵੱਸ ਵਿਚ ਕਰ ਕੇ) ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ । (ਹੇ ਭਾਈ! ਕੋਈ ਵਿਰਲਾ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ (ਕਿਉਂਕਿ ਇਸ ਵਿਚ ਵਿਕਾਰਾਂ ਦੀਆਂ) ਬੇਅੰਤ ਲਹਿਰਾਂ ਪੈ ਰਹੀਆਂ ਹਨ । ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ ।

ਹੇ ਨਾਨਕ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ।੨। ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ । ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਇਹ ਪਿਆਰ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ (ਮਾਨੋ) ਚਾਬੁਕ ਮਾਰਦਾ ਰਹਿੰਦਾ ਹੈ । ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ । ਪਰ, ਇਹ ਮਨ ਗੁਰੂ ਦੀ ਸਰਨ ਪਿਆਂ ਹੀ ਜਿੱਤਿਆ ਜਾ ਸਕਦਾ ਹੈ । ਉਹ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ, ਤੇ (ਜਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਅੱਲ੍ਹੜ ਮਨ ਨੂੰ ਘੜ ਲੈਂਦਾ ਹੈ (ਸੁਚੱਜਾ ਬਣਾ ਲੈਂਦਾ ਹੈ) । ਗੁਰੂ ਦੀ ਜਿਹੜੀ ਬਾਣੀ ਉਚਾਰੀ ਹੋਈ ਹੈ ਇਸ ਨੂੰ ਆਪਣੇ ਕੰਨਾਂ ਨਾਲ ਸੁਣ ਕੇ (ਭਾਵ, ਗਹੁ ਨਾਲ ਸੁਣ ਕੇ ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ) । ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ, (ਗੁਰੂ ਸਰਨ ਪਏ ਮਨੁੱਖ ਨੂੰ) ਪਾਰ ਲੰਘਾ ਲੈਂਦਾ ਹੈ ।੩। ਹੇ ਭਾਈ! ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ (ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫਲਤਾ ਨਾਲ ਤੈ ਕਰੇ, ਸੋ) ਜਿਸ (ਸਰੀਰ-ਘੋੜੀ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, (ਇਸ ਦੀ ਰਾਹੀਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ । ਹੇ ਭਾਈ! ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, (ਇਹ ਘੋੜੀ) ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ । ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ (ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋ ਢੁਕਾ ਦਿੱਤਾ), ਸਤ ਸੰਗੀਆਂ ਨਾਲ ਮਿਲ ਕੇ (ਮਾਨੋ, ਉਸ ਦੀ) ਜੰਞ ਆ ਗਈ । ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ ।੪।੧।੫।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement