
ਸਲੋਕੁ ਮਃ ੪ ॥
ਸਲੋਕੁ ਮਃ ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
Sri Darbar Sahib Amritsar
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮਃ ੪ ॥
ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥
sri Darbar sahib amritsar
ਸੋਮਵਾਰ, ੨੩ ਚੇਤ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੬੫੩)
ਪੰਜਾਬੀ ਵਿਆਖਿਆ:
ਸਲੋਕੁ ਮਃ ੪ ॥
ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ; ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ।ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤਿ੍ਰਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ । ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ।੧।ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ । ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ ।
Sri Darbar Sahib Amritsar
ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ । ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ ।ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ । ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ । ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ।੨।ਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ, ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤਿ੍ਰਸ਼ਨਾ ਮਿਟ ਗਈ ਹੈ); ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ; ਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ । ਹੇ ਨਾਨਕ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ ।੨੭।