ਅੱਜ ਦਾ ਹੁਕਮਨਾਮਾ (5 ਅਕਤੂਬਰ 2021)
Published : Oct 5, 2021, 7:05 am IST
Updated : Oct 5, 2021, 7:05 am IST
SHARE ARTICLE
Darbar Sahib
Darbar Sahib

ਵਡਹੰਸੁ ਮਹਲਾ ੧ ਘਰੁ ੨ ॥

ਵਡਹੰਸੁ ਮਹਲਾ ੧ ਘਰੁ ੨ ॥

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥

ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥

ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥

ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥

ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥

ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥

ਜੋ ਸਹ ਕੰਠਿ ਨ ਲਗੀਆ ਜਲਨੁ ਸੇ ਬਾਹੜੀਆਹਾ ॥

ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥

ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥

ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥

ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥

ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥

ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥

ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥

ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

ਮੰਗਲਵਾਰ, ੨੦ ਅੱਸੂ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੫੫੭)

Sri Harmandir SahibSri Harmandir Sahib

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੧ ਘਰੁ ੨ ॥

ਹੇ ਭੈਣ! ਸਾਵਣ ਦਾ ਮਹੀਨਾ ਆ ਗਿਆ ਹੈ, ਸਾਵਣ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੇ ਪ੍ਰਭੂ! ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ ਇਸਤਰੀ ਵਾਸਤੇ, ਮਾਨੋ, ਕਟਾਰ ਹੈ, ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ। ਹੇ ਪ੍ਰਭੂ! ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।ਹੇ ਪ੍ਰਭੂ! ਚੂੰਕਿ ਤੂੰ ਇਸ ਕੁਦਰਤਿ ਵਿਚ ਮੈਨੂੰ ਦਿਸ ਰਿਹਾ ਹੈਂ, ਮੈਂ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ। ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇ ਤਾਂ ਇਹ ਆਖਣ ਵਿਚ ਕੀ ਸਵਾਦ ਰਹਿ ਜਾਏ ਕਿ ਇਹ ਕੁਦਰਤਿ ਸੋਹਣੀ ਹੈ?

Sri Harmandir SahibSri Harmandir Sahib

ਹੇ ਭੋਲੀ ਇਸਤ੍ਰੀਏ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ ਤੇ ਹੋਰ ਭੀ ਕਈ ਸ਼ਿੰਗਾਰ ਕੀਤੇ, ਪਰ ਹੇ ਇਤਨੇ ਸ਼ਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ ਫੇਰ ਭੀ ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਹਨਾਂ ਸ਼ਿੰਗਾਰਾਂ ਦਾ ਕੀ ਲਾਭ?, ਫੇਰ ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇਹ, ਪਲੰਗ ਦੀਆਂ ਹੀਆਂ ਭੀ ਭੰਨ ਦੇਹ, ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇਹ ਕਿਉਂ ਕਿ ਨਾਂਹ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਮੁਨਿਆਰ ਹੀ ਤੇਰਾ ਕੁਝ ਸੁਆਰ ਸਕਿਆ, ਨਾਂਹ ਹੀ ਉਸਦੀਆ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।ਸੜ ਜਾਣ ਉਹ ਸਜਾਈਆਂ ਬਾਹਾਂ ਜੋ ਖਸਮ ਦੇ ਗਲ ਨਾਂ ਲੱਗ ਸਕੀਆਂ। ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ।

Sri Harmandir SahibSri Harmandir Sahib

ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ ਸਾਰੀਆਂ ਸਹੇਲੀਆਂ ਤਾਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈ ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, ਇਸ ਵਾਸਤੇ ਝੂਰ ਝੂਰ ਕੇ ਮਰ ਰਹੀ ਹਾਂ। ਪ੍ਰਭੂ ਪਤੀ ਤੋਂ ਵਿਛੁੜ ਕੇ ਮੈਂ ਇਤਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ੳੱਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੀ ਦੁਖੀ ਹਾਲਤ ਤੇ ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਜੋ ਮੇਰੀ ਖ਼ਲਾਸੀ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।

Sri Harmandir SahibSri Harmandir Sahib

ਹੇ ਪਤੀ! ਮੈਨੂੰ ਤੂੰ ਸੁਪਨੇ ਵਿਚ ਮਿਲiਆ, ਸੁਪਨਾ ਮੁੱਕਿਆ, ਤੇ ਤੂੰ ਫਿਰ ਚਲਾ ਗਿਆ, ਵਿਛੋੜੇ ਦੇ ਦੁੱਖ ਵਿਚ ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ ਨਿਮਾਣੀਂ ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ ਗ਼ਰੀਬ ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-ਹੇ ਭਾਗਾਂ ਵਾਲੀ ਸੋਹਣੀਂ ਨੀਂਦ! ਤੂੰ ਮੇਰੇ ਕੋਲ ਆ ਸ਼ਾਇਦ ਤੇਰੇ ਰਾਹੀਂ ਹੀ ਮੈਂ ਆਪਣੇ ਖਸਮ ਪ੍ਰਭੂ ਦਾ ਦੀਦਾਰ ਕਰ ਸਕਾਂ। ਹੇ ਨਾਨਕ! ਪ੍ਰਭੂ–ਦਰ ਤੇ ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੁੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਟ ਧਰਾਂ। ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ, ਭਾਵ, ਆਪਾ ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ-ਪਤੀ ਸਾਡੀ ਮੂਰਖਤਾ ਦੇ ਕਾਰਣ ਸਾਥੋਂ ਓਪਰਾ ਹੋ ਜਾਏ ਤਾਂ ਉਸ ਨੂੰ ਮੁੜ ਆਪਣਾ ਬਣਾਉਣ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਾ ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement