
ਧਨਾਸਰੀ ਮਹਲਾ ੫ ॥
ਧਨਾਸਰੀ ਮਹਲਾ ੫ ॥
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
ਤੁਮ ਘਰਿ ਆਵਹੁ ਮੇਰੇ ਮੀਤ ॥
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥
ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਮੰਗਲਵਾਰ, ੨੭ ਮਾਘ (ਸੰਮਤ ੫੫੨ ਨਾਨਕਸ਼ਾਹੀ) ੯ ਫਰਵਰੀ, ੨੦੨੧ (ਅੰਗ: ੬੭੮)
Guru Granth Sahib Ji
ਪੰਜਾਬੀ ਵਿਆਖਿਆ:
ਧਨਾਸਰੀ ਮਹਲਾ ੫ ॥
(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ । ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ।੧।ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ) । ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ।ਰਹਾਉ।
Darbar Sahib
(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਖਸਮ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ।੨।(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ ।
Darbar Sahib
ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ।੩।ਹੇ ਨਾਨਕ! ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ । ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ।੪।੪।੨੮।