Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (9 ਫਰਵਰੀ 2024)
Published : Feb 9, 2024, 6:59 am IST
Updated : Feb 9, 2024, 6:59 am IST
SHARE ARTICLE
Sri Darbar Sahib
Sri Darbar Sahib

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ

Ajj da Hukamnama Sri Darbar Sahib: ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ

ੴ ਸਤਿਗੁਰ ਪ੍ਰਸਾਦਿ ॥

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥

ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥

ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥

ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥

ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥

ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥

ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥

ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥

ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥

ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥

ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥

ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥

ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥

ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥

ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥

ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥

ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥

ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥

ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥

ਸ਼ੁੱਕਰਵਾਰ, ੨੭ ਮਾਘ (ਸੰਮਤ ੫੫੫ ਨਾਨਕਸ਼ਾਹੀ) ੯ ਫਰਵਰੀ, ੨੦੨੪ (ਅੰਗ: ੫੭੮)

ਪੰਜਾਬੀ ਵਿਆਖਿਆ:

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਜਿਸ ਪ੍ਰਭੂ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ। ਕਿਉਂਕਿ ਉਹੀ ਸਦਾ ਕਾਇਮ ਰਹਿਣ ਵਾਲਾ ਹੈ। ਜੀਵ ਵਿਚਾਰੇ ਦੀ ਕੋਈ ਪਾਂਇਆਂ ਨਹੀਂ, ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ, ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ, ਤਾਂ ਸਰੀਰ ਦੇ ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਉਮਰ ਦਾ ਸਮਾਂ ਮੁੱਕਣ ਤੇ ਜਦੋਂ ਪਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ। ਉਸ ਅੰਤ ਸਮੇਂ ਤੋਂ ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ, ਉਸ ਉਸ ਦੇ ਅਨੁਸਾਰ ਜਿਹੋ ਜਿਹਾ ਸੰਸਕਾਰਾਂ ਦਾ ਲੇਖ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਉਂਦਾ ਹੈ। ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ ਜੋਗ ਹੈ ਉਹੀ ਸਦਾ ਕਾਇਮ ਰਹਿਣ ਵਾਲਾ ਹੈ।੧।

ਹੇ ਮੇਰੇ ਭਰਾਵੋ! ਸਦਾ-ਥਿਰ ਮਾਲਕ-ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੂਚ ਸਭਨਾ ਨੇ ਹੀ ਕਰਨਾ ਹੈ। ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, ਹਰੇਕ ਨੇ ਹੀ ਇਥੋਂ ਅਗਾਂਹ ਪਰਲੋਕ ਵਿਚ ਜਰੂਰ ਚਲੇ ਜਾਣਾ ਹੈ। ਇਥੇ ਜਗਤ ਵਿਚ ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, ਕਿਸੇ ਵੀ ਧਨ ਪਦਾਰਥ ਆਦਿਕ ਦਾ ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ। ਜਗਤ ਵਿਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ ਪਰਲੋਕ ਵਿਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ ਆਪੋ ਆਪਣੇ ਕੀਤੇ ਅਨੁਸਾਰ ਬੀਤਦੀ ਹੈ। ਹੇ ਮੇਰੇ ਭਰਾਵੋ! ਸਦਾ-ਥਿਰ ਮਾਲਕ-ਪ੍ਰਭੂ ਦਾ ਸਿਮਰਨ ਕਰੋ। ਦੁਨੀਆ ਤੋਂ ਇਹ ਕੂਚ ਸਭ ਨੇ ਹੀ ਕਰ ਜਾਣਾ ਹੈ।੨। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ। ਉਹ ਸਦਾ ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾ ਮੌਜੂਦ ਹੈ। ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨੑਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤਿ ਜੋੜ ਕੇ ਸਿਮਰਿਆ ਹੈ। ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਉਂਦਾ ਹੈ। ਜਗਤ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ।੩।

ਹੇ ਨਾਨਕ! ਆਖ- ਵਿਛੁੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਵੈਰਾਗ ਵਿਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ, ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਵੈਰਾਗ ਵਿਚ ਆਉਂਦਾ ਹੈ। ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ। ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ, ਇਹ ਸਾਰਾ ਹੀ ਰੁਦਨ ਵਿਅਰਥ ਹੈ। ਇਸ ਰੋਣ ਨਾਲ ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, ਮਾਇਆ ਦੀ ਖ਼ਾਤਰ ਰੋ ਰੋ ਕੇ ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਹੇ ਭਾਈ! ਹਰੇਕ ਜੀਵ ਜੋ ਜਗਤ ਵਿਚ ਜਨਮ ਲੈ ਕੇ ਆਇਆ ਹੈ ਆਪਣਾ ਸਮਾਂ ਮੁਕਾ ਕੇ ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ ਵਿਅਰਥ ਮਾਣ ਕਰਦੇ ਹੋ। ਹੇ ਨਾਨਕ ਆਖ- ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਸਮਝੋ ਜੋ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਪਿਆਰ ਨਾਲ ਵੈਰਾਗ ਵਿਚ ਆਉਂਦਾ ਹੈ।੪।੧।


ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement