Ajj da Hukamnama Sri Darbar Sahib: ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
Ajj da Hukamnama Sri Darbar Sahib: ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥
ਉਡੀਨੀ ਉਡੀਨੀ ਉਡੀਨੀ ॥
ਕਬ ਘਰਿ ਆਵੈ ਰੀ ॥੧॥ ਰਹਾਉ ॥
ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥
ਲਾਲਨੁ ਮੋਹਿ ਮਿਲਾਵਹੁ ॥
ਕਬ ਘਰਿ ਆਵੈ ਰੀ ॥੧॥
ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥
ਤਬ ਰਸ ਮੰਗਲ ਗੁਨ ਗਾਵਹੁ ॥
ਆਨਦ ਰੂਪ ਧਿਆਵਹੁ ॥
ਨਾਨਕੁ ਦੁਆਰੈ ਆਇਓ ॥
ਤਉ ਮੈ ਲਾਲਨੁ ਪਾਇਓ ਰੀ ॥੨॥
ਮੋਹਨ ਰੂਪੁ ਦਿਖਾਵੈ ॥
ਅਬ ਮੋਹਿ ਨੀਦ ਸੁਹਾਵੈ ॥
ਸਭ ਮੇਰੀ ਤਿਖਾ ਬੁਝਾਨੀ ॥
ਅਬ ਮੈ ਸਹਜਿ ਸਮਾਨੀ ॥
ਮੀਠੀ ਪਿਰਹਿ ਕਹਾਨੀ ॥
ਮੋਹਨੁ ਲਾਲਨੁ ਪਾਇਓ ਰੀ ॥
ਰਹਾਉ ਦੂਜਾ ॥੧॥੧੨੮॥
ਬੁੱਧਵਾਰ, ੨੪ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੩੦)
ਪੰਜਾਬੀ ਵਿਆਖਿਆ:
ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ—) ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ।੧।ਰਹਾਉ। ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ—) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ ।੧। (ਸੁਹਾਗਣ ਆਖਦੀ ਹੈ—) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ । ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ । ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ । (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ । ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ ।੨। ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤਿ੍ਰਸ਼ਨਾ ਮਿਟ ਗਈ ਹੈ । ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ । ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ । ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ ।ਰਹਾਉ ਦੂਜਾ।੧।੧੨੮।