ਅੱਜ ਦਾ ਹੁਕਮਨਾਮਾ (14 ਅਗਸਤ 2023)
Published : Aug 14, 2023, 7:00 am IST
Updated : Aug 14, 2023, 7:01 am IST
SHARE ARTICLE
Sri Darbar Sahib
Sri Darbar Sahib

ਬਿਲਾਵਲੁ ਮਹਲਾ ੪ ॥

 

ਬਿਲਾਵਲੁ ਮਹਲਾ ੪ ॥

ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥

ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥

ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥

ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥

ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥

ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥

ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥

ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥

ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥

ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥

ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥

ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥

ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥

ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥

ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥

ਸੋਮਵਾਰ, ੩੦ ਸਾਵਣ (ਸੰਮਤ ੫੫੫ ਨਾਨਕਸ਼ਾਹੀ) ੧੪ ਅਗਸਤ, ੨੦੨੩ (ਅੰਗ: ੮੩੫)

 

ਪੰਜਾਬੀ ਵਿਆਖਿਆ:

ਬਿਲਾਵਲੁ ਮਹਲਾ ੪ ॥
ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ । ਹੇ ਭਾਈ! (ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ । ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ ।੧।ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ । ਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦ੍ਰੇ ਗੁਰੂ ਦੇ ਵੱਸ ਵਿਚ ਹੋ ਗਏ ਹਨ) ।੧।ਰਹਾਉ।ਹੇ ਭਾਈ! (ਮੇਰੇ) ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ (ਉਸ ਨੂੰ) ਭਾਲਦੀ ਫਿਰਦੀ ਹਾਂ (ਸਾਂ) । ਜਿਸ (ਗੁਰੂ) ਨੇ (ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਵਿਖਾਲ ਦਿੱਤਾ ਹੈ ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ (ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ) ।੨।

 

ਹੇ ਭਾਈ! (ਹੁਣ ਜੇ) ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ (ਮੈਨੂੰ) ਦੇਂਦਾ ਹੈ ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ । ਹੇ ਭਾਈ! ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ।੩।ਹੇ ਸਖੀ! ਆ ਤੁਰ ਹੇ ਸਖੀ! ਆ ਤੁਰ ਅਸੀ (ਚੱਲ ਕੇ) ਪ੍ਰਭੂ (ਦੇ ਪਿਆਰ) ਨੂੰ ਹਿਲੂਣਾ ਦੇਈਏ (ਆਤਮਕ) ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ । ਭਗਤੀ ਨਾਲ ਪਿਆਰ ਕਰਨ ਵਾਲਾ—ਇਹ ਉਸ ਦਾ ਨਾਮ ਕਿਹਾ ਜਾਂਦਾ ਹੈ (ਹੇ ਸਖੀ! ਆ) ਉਸ ਦੀ ਸਰਨ ਪੈ ਜਾਈਏ ਉਸ ਦੇ ਦਰ ਤੇ ਡਿੱਗ ਪਈਏ ।੪।ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ ਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ । ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ ।

 

ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ।੫।ਹੇ ਸਹੇਲੀਏ! ਪਰਮਾਤਮਾ ਦੇ ਨਾਮ (ਦੀ ਸੁਆਸ ਸੁਆਸ ਯਾਦ) ਦਾ ਹਾਰ ਮੈਂ (ਆਪਣੇ) ਗਲ ਵਿਚ ਪਾ ਲਿਆ ਹੈ (ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁਕਿਆ ਆਪਣਾ) ਮਨ ਮੈਂ ਸਭ ਤੋਂ ਵੱਡਾ ਮੋਤੀਚੁੂਰ ਗਹਿਣਾ ਬਣਾ ਲਿਆ ਹੈ । ਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ (ਹੁਣ ਤੈਨੂੰ ਯਕੀਨ ਹੈ ਕਿ ਉਹ) ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ ।੬।ਹੇ ਸਹੇਲੀਏ! (ਜੇ) ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ ਤੇ (ਜੀਵ-ਇਸਤ੍ਰੀ) ਕੁਝ ਹੋਰ ਕਰਦੀ ਰਹੇ ਤਾਂ (ਉਸ ਜੀਵ-ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ ਬਿਲਕੁਲ ਫੋਕਾ ਬਣ ਜਾਂਦਾ ਹੈ । (ਉਸ ਦੇ) ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ ।੭।ਹੇ ਪ੍ਰਭੂ! ਅਸੀ ਤੇਰੀਆਂ ਦਾਸੀਆਂ ਹਾਂ ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ । ਅਸੀ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ ਅਸੀ ਤਾਂ ਸਦਾ ਤੇਰੇ ਵੱਸ ਵਿਚ ਹਾਂ । ਹੇ ਨਾਨਕ! (ਆਖ—) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ ਸਾਨੂੰ ਆਪਣੇ ਚਰਨਾਂ ਵਿਚ ਰੱਖ ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ ।੮।੫।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement