
ਸਲੋਕੁ ਮ ੧ ॥
ਸਲੋਕੁ ਮ ੧ ॥
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਮਃ ੧ ॥
ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥
ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ ਪਉੜੀ ॥
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥
ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥
ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥
ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥
ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥
ਐਤਵਾਰ, ੨ ਮਾਘ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੯੪)
ਪੰਜਾਬੀ ਵਿਆਖਿਆ:
ਸਲੋਕੁ ਮ ੧ ॥
ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿਚ (ਸਮਝਦੀ ਹੋਈ) ਕਮਲੀ ਇਸਤ੍ਰੀ ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ ।੧।
ਹੇ ਨਾਨਕ! (ਹਰੀ ਨਾਲ) ਪਿਆਰ ਕਰਨ ਤੋਂ ਬਿਨਾ (ਭਾਵ, ਪਿਆਰ ਤੋਂ ਸੱਖਣਾ ਜਦ ਤਾਈਂ ਰਹੇ) ਹੋਰ ਗੱਲਾਂ (ਕਰਨੀਆਂ) ਝੂਠੀਆਂ ਹਨ; (ਕਿਉਂਕਿ ਏਸ ਤਰ੍ਹਾਂ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ।੨।
ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ; ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ ਤੇ (ਇਸ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ । ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਰਲੇ ਨੇ ਸਮਝਿਆ ਹੈ; ਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ।੨੦।