
Ajj da Hukamnama Sri Darbar Sahib: ਸੂਹੀ ਮਹਲਾ ੧ ਘਰੁ ੯
Ajj da Hukamnama Sri Darbar Sahib: ਸੂਹੀ ਮਹਲਾ ੧ ਘਰੁ ੯
ੴ ਸਤਿਗੁਰ ਪ੍ਰਸਾਦਿ ॥
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥
ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥
ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥
ਅਵਗਣਿ ਮੁਠੀ ਜੇ ਫਿਰਹਿ ਬਿਧਿਕ ਥਾਇ ਨ ਪਾਹਿ ਜੀਉ ॥
ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥
ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥
ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥
ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥
ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥
ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥
ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥
ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥
ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥
ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥
ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥
ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥
ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥
ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥
ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥
ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
ਮੰਗਲਵਾਰ, ੩੧ ਹਾੜ (ਸੰਮਤ ੫੫੭ ਨਾਨਕਸ਼ਾਹੀ) ੧੫ ਜੁਲਾਈ, ੨੦੨੫ (ਅੰਗ : ੭੫੧)
ਪੰਜਾਬੀ ਵਿਆਖਿਆ:
ਸੂਹੀ ਮਹਲਾ ੧ ਘਰੁ ੯
ੴ ਸਤਿਗੁਰ ਪ੍ਰਸਾਦਿ ॥
(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ । ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੋ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ । ਹੇ ਭਾਈ! ਜੈ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ ।੧। ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ । (ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ ।੧।ਰਹਾਉ। ਹੇ ਜਿੰਦੇ! ਜੇ ਤੂੰ ਚਾਰੇ ਕੂਟਾਂ ਭਾਲਦੀ ਫਿਰੇਂ ਤਾਂ ਭੀ ਚੰਗੇ ਭਾਗਾਂ ਤੋਂ ਬਿਨਾ ਨਾਮ-ਧਨ ਨਹੀਂ ਲੱਭਦਾ । ਜੇ ਔਗੁਣ ਨੇ ਤੇਰੇ ਮਨ ਨੂੰ ਠੱਗ ਲਿਆ ਹੈ, ਤੇ ਜੇ ਇਸ ਆਤਮਕ ਦਸ਼ਾ ਵਿਚ ਤੂੰ (ਤੀਰਥ ਆਦਿਕਾਂ ਤੇ ਭੀ) ਫਿਰੇਂ, ਤਾਂ ਭੀ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਤੂੰ (ਆਪਣੇ ਇਹਨਾਂ ਉੱਦਮਾਂ ਦੀ ਰਾਹੀਂ) ਕਬੂਲ ਨਹੀਂ ਹੋਵੇਂਗੀ । ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਜੇਹੜੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਵਿਚ ਪ੍ਰਭੂ-ਨਾਮ ਨਾਲ ਰੰਗੇ ਗਏ ਹਨ, ਉਹੀ (ਮਾਇਆ ਦੇ ਮੋਹ ਤੇ ਵਿਕਾਰਾਂ ਤੋਂ) ਬਚਦੇ ਹਨ ।੨। (ਬਗੁਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉਤੇ ਭੀ ਨਿਵਾਸ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਤਿਵੇਂ ਹੀ) ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਹਨ ਤੇ ਨਿਰਦਈ ਹਨ ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ, ਉਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ ।੩। (ਮਾਇਆ-ਵੇੜ੍ਹੇ ਮਨੁੱਖ ਦਾ) ਮਨ ਸਦਾ ਦੁਨੀਆ ਵਾਲੇ ਚਾਉ-ਮਲ੍ਹਾਰ ਹੀ ਕਰਦਾ ਹੈ ਤੇ ਸਦਾ ਸੁਖ ਹੀ ਮੰਗਦਾ ਹੈ, ਪਰ (ਜਿਤਨਾ ਚਿਰ) ਕਰਤਾਰ ਉਸ ਦੇ ਚਿੱਤ ਵਿਚ ਨਹੀਂ ਵੱਸਦਾ, ਉਸ ਨੂੰ ਮੁੜ ਮੁੜ ਦੁੱਖ ਵਿਆਪਦੇ ਰਹਿੰਦੇ ਹਨ । (ਹਾਂ,) ਜਿਸ ਮਨ ਵਿਚ ਸੁਖ ਦੁਖ ਦੇਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ (ਤੇ ਉਹ ਸੁਖਾਂ ਦੀ ਲਾਲਸਾ ਨਹੀਂ ਕਰਦਾ) ।੪। (ਜੀਵ-ਵਣਜਾਰਾ ਇਥੇ ਨਾਮ ਦਾ ਵਣਜ ਕਰਨ ਆਇਆ ਹੈ, ਪਰ ਜੇਹੜਾ ਜੀਵ ਇਹ ਵਣਜ ਵਿਸਾਰ ਕੇ ਵਿਕਾਰਾਂ ਦਾ ਕਰਜ਼ਾ ਆਪਣੇ ਸਿਰ ਚਾੜ੍ਹਨ ਲੱਗ ਪੈਂਦਾ ਹੈ, ਉਸ) ਕਰਜ਼ਾਈ ਨੂੰ ਸੱਦਾ ਪੈਂਦਾ ਹੈ; ਜਮਰਾਜ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ, ਉਸ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰ ਕੇ ਉਸ ਤੋਂ ਪੁੱਛਦਾ ਹੈ ਤੇ ਉਸ ਤੋਂ ਉਹ ਲੇਖਾ ਮੰਗਦਾ ਹੈ ਜੋ (ਉਸ ਦੇ ਜ਼ਿੰਮੇ) ਦੇਣਾ ਬਣਦਾ ਹੈ । ਜਿਸ ਜੀਵ ਵਣਜਾਰੇ ਦੇ ਅੰਦਰ ਸਦਾ-ਥਿਰ ਪ੍ਰਭੂ ਦੀ ਲਗਨ ਹੋਵੇ, ਉਹ ਜਮਰਾਜ ਦੀ ਮਾਰ ਤੋਂ ਬਚ ਜਾਂਦਾ ਹੈ, ਬਖ਼ਸ਼ਣਹਾਰ ਪ੍ਰਭੂ ਉਸ ਉਤੇ ਮੇਹਰ ਕਰਦਾ ਹੈ ।੫। ਜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮਿੱਤਰ ਬਣਾਇਆ ਜਾਏ, ਤਾਂ (ਅਜੇਹੇ ਮਿੱਤਰ ਬਣਾਣ ਵਾਲਾ) ਮਿੱਟੀ ਵਿਚ ਰਲ ਜਾਂਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ । ਮਾਇਆ ਦੇ ਬਹੁਤੇ ਰੰਗ-ਤਮਾਸ਼ੇ ਵੇਖ ਕੇ ਉਹ ਕੁਰਾਹੇ ਪਾਇਆ ਜਾਂਦਾ ਹੈ, ਸਹੀ ਜੀਵਨ-ਰਾਹ ਤੋਂ ਖੁੰਝ ਖੁੰਝ ਕੇ ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ । (ਇਸ ਗੇੜ ਵਿਚੋਂ) ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਹੀ ਖ਼ਲਾਸੀ ਪਾਈਦੀ ਹੈ, ਉਹ ਪ੍ਰਭੂ ਮੇਹਰ ਦੀ ਨਿਗਾਹ ਨਾਲ (ਗੁਰੂ-ਚਰਨਾਂ ਵਿਚ) ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ ।੬। ਹੇ ਅਵੇਸਲੇ ਤੇ ਗਿਆਨ-ਹੀਣ ਜੀਵ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਦੀ ਆਸ ਵਿਅਰਥ ਹੈ । ਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਤਾਂ ਹਰ ਵੇਲੇ ਅੰਦਰ ਮੌਜੂਦ ਹੀ ਹਨ, (ਜੇ ਗੁਰੂ ਦੀ ਸਰਨ ਨਾਹ ਪਈਏ, ਤਾਂ ਉਹ ਅੰਦਰਲੇ ਚੰਗੇ ਮੰਦੇ ਸੰਸਕਾਰ ਚੰਗੇ ਮੰਦੇ ਪਾਸੇ ਖਿੱਚਦੇ ਹਨ) ਤੇ ਇਸ ਖਿੱਚਾ-ਖਿੱਚੀ ਵਿਚ ਖ਼ੁਆਰ ਹੋਵੀਦਾ ਹੈ। ਗੁਰ-ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਲੋਕਾਈ (ਦੁਨੀਆ ਵਾਲੇ) ਸਹਿਮ ਵਿਚ ਗ੍ਰਸੀ ਰਹਿੰਦੀ ਹੈ, ਅਜੇਹੀ ਲੋਕਾਈ ਨੂੰ ਆਤਮਕ ਮੌਤ ਨੇ (ਹਰ ਵੇਲੇ) ਆਪਣੀ ਤੱਕ ਵਿਚ ਰੱਖਿਆ ਹੁੰਦਾ ਹੈ ।੨। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਤੇ ਰਚ ਕੇ ਇਸ ਨੂੰ ਟਿਕਾਇਆ ਹੋਇਆ ਹੈ, ਉਹ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ । ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ, ਉਹ ਸਦਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ । ਹੇ ਨਾਨਕ! (ਅਰਦਾਸ ਕਰ ਕਿ) ਪਰਮਾਤਮਾ ਦਾ ਨਾਮ ਕਦੇ ਨਾਹ ਭੁੱਲੇ । ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ।੮।੧।੨।