
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
ੴ ਸਤਿਗੁਰ ਪ੍ਰਸਾਦਿ॥
ਸਤਿਗੁਰ ਸਬਦਿ ਉਜਾਰੋ ਦੀਪਾ ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ ॥੧॥ ਰਹਾਉ ॥
ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥
ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥
ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥
ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥
ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥
ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥
ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥
ਵੀਰਵਾਰ, ੪ ਵੈਸਾਖ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੮੨੧)
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
ੴ ਸਤਿਗੁਰ ਪ੍ਰਸਾਦਿ॥
ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ।੧।ਰਹਾਉ। (ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ । ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤਿ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ।੧।
DARBAR SAHIB
(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ । ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ । (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ—ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ।੨। (ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ,
Darbar Sahib
ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ । ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ।੩। ਹੇ ਨਾਨਕ! ਆਖ—(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ, ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ।੪।੧।੮੭।