ਅੱਜ ਦਾ ਹੁਕਮਨਾਮਾ (16 ਅਗਸਤ 2023)
Published : Aug 16, 2023, 6:56 am IST
Updated : Aug 16, 2023, 6:56 am IST
SHARE ARTICLE
Sri Darbar Sahib
Sri Darbar Sahib

ਸੂਹੀ ਮਹਲਾ ੧ ॥

 

ਸੂਹੀ ਮਹਲਾ ੧ ॥

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥

ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥

ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥

ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥

ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥ ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥

ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥ ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥

ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥

ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥

ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥

ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥

ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥

ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥

ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ॥ ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥

ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥ ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥

ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥

ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲੑਉ ਗੰਠੜੀ ਦੂਖੀ ਭਰਿ ਆਇਆ ॥

ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥

ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥

ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥

ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥

ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥

ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥

ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ

॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥

ਬੁੱਧਵਾਰ, ੩੨ ਸਾਵਣ (ਸੰਮਤ ੫੫੫ ਨਾਨਕਸ਼ਾਹੀ) ੧੬ ਅਗਸਤ, ੨੦੨੩ (ਅੰਗ: ੭੬੬)

 

ਪੰਜਾਬੀ ਵਿਆਖਿਆ:

ਸੂਹੀ ਮਹਲਾ ੧ ॥
(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ । ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ । ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ । ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ । ਪਰਮਾਤਮਾ ਅਟੱਲ ਹੈ । (ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ । (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ । ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ । (ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ।੧।

 

ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ । (ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ । (ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ । (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ । (ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ) । ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ । (ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ ।੨।

 

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ । ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ । ਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ, ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ । ਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ । ਅਸੀ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ ਸਾਨੂੰ ਪਵਿਤ੍ਰ ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ । ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ ।੩। ਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ) । (ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ । ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ । ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ । (ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ । ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ । ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ । (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।੪।

ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ) । ਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ । ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ । ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ—ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ । ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ । ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ।੫। ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ । ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ । ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ।੬।

ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ । (ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ ।ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ।੭। ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ । ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ, (ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ ।ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ।੮।

ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ । (ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) । ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ । ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ । (ਉਹ ਬੰਦਾ ਇਉਂ ਬੇਨਤੀ ਕਰਦਾ ਹੈ—) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ । ਹੇ ਨਾਨਕ! (ਆਖ—) ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ । (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ ।੯।੨।੫।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement