
ਸੂਹੀ ਮਹਲਾ ੧ ॥
ਸੂਹੀ ਮਹਲਾ ੧ ॥
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥
ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥
ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥
ਤਿਨ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥
ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥
Darbar Sahib
ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥
ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥
ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥
ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥
ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥ ੪॥੩॥੫॥
Darbar Sahib
ਬੁੱਧਵਾਰ, ੪ ਹਾੜ (ਸੰਮਤ ੫੫੨ ਨਾਨਕਸ਼ਾਹੀ) ਅੰਗ: ੭੨੯
ਸੂਹੀ ਮਹਲਾ ੧ ॥
(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ । ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ । ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧।ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ । ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ, ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ।੨।
darbar sahib
(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ; ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ, ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ।੩।ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ, ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ ।ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ।੪।੩।੫।