
ਰਾਗੁ ਸੂਹੀ ਛੰਤ ਮਹਲਾ ੫ ਘਰੁ ੨
ਰਾਗੁ ਸੂਹੀ ਛੰਤ ਮਹਲਾ ੫ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਗੋਬਿੰਦ ਗੁਣ ਗਾਵਣ ਲਾਗੇ ॥
ਹਰਿ ਰੰਗਿ ਅਨਦਿਨੁ ਜਾਗੇ ॥
ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥
ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥
ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥
ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥
ਅਨਹਤ ਸਬਦੁ ਸੁਹਾਵਾ ॥
ਸਚੁ ਮੰਗਲੁ ਹਰਿ ਜਸੁ ਗਾਵਾ ॥
ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥
ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥
ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥
ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥
ਗੁਰ ਮਿਲਿ ਸਾਗਰੁ ਤਰਿਆ ॥
ਹਰਿ ਚਰਣ ਜਪਤ ਨਿਸਤਰਿਆ ॥
ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥
ਪਤਿਤ ਪਾਵਨ ਹਰਿ ਨਾਮਾ ॥
ਪੂਰਨ ਸੰਤ ਜਨਾ ਕੇ ਕਾਮਾ ॥
ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥
ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥
ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥
ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥
ਸ਼ਨਿਚਰਵਾਰ, ੬ ਵੈਸਾਖ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੭੮)
ਰਾਗੁ ਸੂਹੀ ਛੰਤ ਮਹਲਾ ੫ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ । ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ, ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ, ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ ।
DARBAR SAHIB
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ । ਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ । ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ ।੨।
ਹੇ ਭਾਈ! ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ । ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ । ਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ । ਹੇ ਭਾਈ! ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ।
Darbar Sahib
ਨਾਨਕ ਬੇਨਤੀ ਕਰਦਾ ਹੈ—ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ) ।੩। ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ । ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, (ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ,
ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ । ਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ । ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ ।੪।੧।੩।