
ਸਲੋਕੁ ਮਃ ੩ ॥
ਸਲੋਕੁ ਮਃ ੩ ॥
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨੑ ਕੈ ਸੰਗਿ ਮਿਲਾਇ ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥੧॥ ਮਃ ੩ ॥
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ ਪਉੜੀ ॥
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥
ਐਤਵਾਰ, ੭ ਵੈਸਾਖ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੫੧੫)
ਸਲੋਕੁ ਮ; ੩ ॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ । ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ । ਜੋ ਮਨੁੱਖ ਸਿਫ਼ਤਿ-ਸਾਲਾਹ ਕਰਦੇ ਹਨ ਉਹ (ਵੇਖਣ ਨੂੰ ਭੀ) ਸੋਹਣੇ ਲੱਗਦੇ ਹਨ ।
Darbar Sahib
ਹੇ ਪ੍ਰਭੂ! ਮੈਨੂੰ ਉਹਨਾਂ ਦੀ ਸੰਗਤਿ ਵਿਚ ਰੱਖ, ਤਾਂ ਜੋ ਮੈਂ ਆਪਣੇ ਹਿਰਦੇ ਵਿਚ ਤੇਰੀ ਸਿਫ਼ਤਿ ਕਰਾਂ ਤੇ ਮੂੰਹੋਂ ਭੀ ਤੇਰੇ ਗੁਣ ਗਾਵਾਂ । ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ।੧।ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ ।
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ । ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ । ਸਿਫ਼ਤਿ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ ।
ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਮਿੱਠੀ ਲੱਗਦੀ ਹੈ । ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ।੨।ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਹੈ, ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ ।
DARBAR SAHIB
ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ, ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ । ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ।੧੭।