
ਸਲੋਕ ਮਃ ੫ ॥
ਸਲੋਕ ਮਃ ੫ ॥
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥ ਮਃ ੫ ॥
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿੑ ਕੈ ॥
ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥ ਪਉੜੀ ॥
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥
ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥
ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥
ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥
ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥
ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥
ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥
ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥
ਸ਼ਨਿਚਰਵਾਰ, ੧੦ ਜੇਠ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੫੨੧)
ਸਲੋਕ ਮਃ ੫ ॥
ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ, (ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ।੧।ਹੇ ਨਾਨਕ! ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ।੨।(ਹੇ ਭਾਈ!) ਉਸ ਕਰਤਾਰ ਨੂੰ ‘ਧੰਨ ਧੰਨ’ ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ, ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ ।
Darbar Sahib
ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ, ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ । (ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤਿ੍ਰਸ਼ਨਾ ਮਿਟ ਗਈ ਹੈ। (ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ।੧੩।