ਅੱਜ ਦਾ ਹੁਕਮਨਾਮਾ (26 ਫਰਵਰੀ 2022)
Published : Feb 26, 2022, 8:27 am IST
Updated : Feb 26, 2022, 5:06 pm IST
SHARE ARTICLE
hukamnama sri darbar sahib amritsar
hukamnama sri darbar sahib amritsar

ਰਾਗੁ ਸੂਹੀ ਮਹਲਾ ੩ ਘਰੁ ੧੦

ਰਾਗੁ ਸੂਹੀ ਮਹਲਾ ੩ ਘਰੁ ੧੦

ੴ ਸਤਿਗੁਰ ਪ੍ਰਸਾਦਿ ॥

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥

ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥

ਵਾਹੁ ਮੇਰੇ ਸਾਹਿਬਾ ਵਾਹੁ ॥

ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥

ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥

ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥

ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥

ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥

ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥

ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥

ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥

ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥

ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥

ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥

ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥

ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥

ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥

ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥

ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥

ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥

ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥

ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥

ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥

ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥

ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥

ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥

ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥

ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥

ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥

ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥

ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥

ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥

ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥

ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨ ਟਿਕੰਨਿ ॥

ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥

ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥

ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥

ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥

ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥

ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥

ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥

ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥

ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥

ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥

ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥

ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥

ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥

ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥

ਅਵਗਣ ਵਿਕਣਿ ਪਲੑਰਨਿ ਗੁਣ ਕੀ ਸਾਝ ਕਰੰਨਿੑ ॥੨੫॥

ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥

ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥

ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥

ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥

ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮੑਾਲਿ ॥

ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥

ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥

ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥

ਹਰਿ ਕੀ ਕੀਮਤਿ ਨ ਪਵੈ ਹਰਿ ਜਸੁ ਲਿਖਣੁ ਨ ਜਾਇ ॥

ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥

ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥

ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥

ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥

ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥

ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥

ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥

ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥

ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥

ਸ਼ਨਿਚਰਵਾਰ, ੧੫ ਫੱਗਣ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੭੫੫)

ਪੰਜਾਬੀ ਵਿਆਖਿਆ :

ਰਾਗੁ ਸੂਹੀ ਮਹਲਾ ੩ ਘਰੁ ੧੦

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ। ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ।੧। ਹੇ ਮੇਰੇ ਮਾਲਕ! ਤੂੰ ਧੰਨ ਹੈਂ। ਤੂੰ ਹੀ ਸਾਲਾਹੁਣ-ਜੋਗ ਹੈਂ। ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।੧। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ।) ਅੰਤ ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਅੰਾਨਦ ਵਿਚ ਮਗਨ ਰਹਿੰਦੇ ਹਨ।੩।

Golden TempleGolden Temple

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮਾਇਆ ਦੀ ਤੇ੍ਰਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ।੪। ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ। ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ।੫।ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ। (ਲੋਕ ਪਰਲੋਕ ਵਿਚ) ਉਹ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ।੬।

ਹੇ ਮੇਰੇ ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਜਿਹਾ ਬਣ ਜਾਇਂਗਾ। (ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ।੭। (ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਕਰਦਾ ਹੈ। ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੁੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ)।੮।

ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਣ ਕਰ ਲੈਂਦਾ ਹੈ। ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ।੯।ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ।੧੦। ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸ਼ਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ। (ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ।੧੧।

Harimandir Sahib Harimandir Sahib

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ।੧੨। ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ। ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤਿ ਜੋੜਦਾ ਹੈ।੧੩।

ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਟਿਕਾ ਕੇ ਰੱਖ ਸਕਦਾ ਹਾਂ।ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੜਦਾ।੧੪। ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫਤਿ ਸਾਲਾਹ ਕਰਿਆ ਕਰ। ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਅਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ।੧੫।

ਹੇ ਭਾਈ! (ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਉਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ। ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਰ ਹੀ ਟਿਕਿਆ ਰਹਿੰਦਾ ਹੈ।੧੬। ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ। ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੀ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ।੧੭।

Harimandir SahibHarimandir Sahib

ਹੇ ਭਾਈ! (ਹਰਿ-ਨਾਮ-ਸਰਮਾਏ ਦਾ ਮਾਲਕ) ਸ਼ਾਹ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਦਾ ਵਣਜ ਕਰਨ ਵਾਲੇ ਭੀ ਅੱਟਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਉਹ ਸ਼ਾਹ ਦੇ ਦਰਬਾਰ ਵਿਚ ਕੂੜੀ ਦੁਨੀਆ ਦੇ ਵਣਜਾਰੇ ਨਹੀਂ ਟਿਕ ਸਕਦੇ। ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ, ਤੇ, ਉਸ ਸਦਾ ਦੁੱਖ ਵਿਚ ਹੀ ਖ਼ੁਆਰ ਹੁੰਦੇ ਰਹਿੰਦੇ ਹਨ।੧੮। ਹੇ ਭਾਈ! ਹਉਮੈਂ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ।੧੯। ਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ। ਹੇ ਭਾਈ! ਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ।੨੦।

ਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੁ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਮਨੁੱਖ ਹਉਮੈ ਅਤੇ ਮਮਤਾ ਦੇ ਵਡੇ ਰੋਗ ਨੂੰ ਅੰਦਰੋਂ ਰੋਕ ਦੇਂਦਾ ਹੈ।੨੧। ਹੇ ਭਾਈ! (ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ, ਆਪਣੇ ਅੰਦਰੋ ਹੁੳਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ।੨੨। ਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤਿ ਜੋੜੀ ਰੱਖ। ਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ।੨੩।

ਹੇ ਭਾਈ! (ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸ਼ਰਨ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ-ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ।੨੪। ਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। (ਗੁਣਾ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਉਂਦੇ ਹਨ।੨੫। ਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ। ਅਤੇ ਹਰਿ-ਨਾਮ (ਦਾ) ਲਾਭ ਖੱਟਦੇ ਹਨ।੨੬।

Harimandir Sahib Harimandir Sahib

ਹੇ ਭਾਈ! (ਕਈ ਕਿਸਮ ਦੇ) ਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨ) ਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇ) ਨਾਲ ਨਹੀਂ ਜਾਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ)।੨੭। ਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾ) ਖਰਚ ਹੈ। ਇਸ ਸਫ਼ਰ-ਖਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ। ਇਹ ਖਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ।੨੮। ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ। ਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।੨੯।

ਹੇ ਭਾਈ! ਪਰਮਾਤਮਾ ਕਿਸੇ ਮੁੱਲ ਤੇ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੩੦। ਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ। ਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।੩੧। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂ) ਚਿਰ ਦੇ ਵਿਛੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ। ਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੁੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ।੩੨।

ਹੇ ਭਾਈ! (ਗੁਰੂ ਦੀ ਸ਼ਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ। ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ।੩੩। ਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ। ਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨ, ਜੇਹੜੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ।੩੪।੧।੩।

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement