ਅੱਜ ਦਾ ਹੁਕਮਨਾਮਾ (27 ਜੁਲਾਈ 2022)
Published : Jul 27, 2022, 6:55 am IST
Updated : Aug 24, 2022, 6:43 pm IST
SHARE ARTICLE
Sachkhand Sri Harmandir Sahib
Sachkhand Sri Harmandir Sahib

ਵਡਹੰਸੁ ਮਹਲਾ ੩ ॥

ਵਡਹੰਸੁ ਮਹਲਾ ੩ ॥

ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥

ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥

ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥

ਦੂਜੇ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥

ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥

ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥

ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥

ਗੁਰਮਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥

ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥

ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥

ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥

ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥

ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥

ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥

ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ ॥

ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥

ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥

ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥

ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥

ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥

ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥

ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥

ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥

ਬੁੱਧਵਾਰ, ੧੨ ਸਾਵਣ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੬੯)

Guru Granth Sahib JI Guru Granth Sahib JI

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੩ ॥

ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ । ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ ।

Guru Granth Sahib JiGuru Granth Sahib Ji

(ਇਸ ਵਾਸਤੇ) ਨਾਨਕ ਆਖਦਾ ਹੈ—ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ।੧। ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ । ਹੇ ਮਨ! ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ, ਤੇ, ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ । ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ) । ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ । ਹੇ ਨਾਨਕ! (ਆਖ—) ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ (ਇਸ ਜਾਲ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ । (ਹੇ ਮਨ!) ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ ।੨।

Guru Granth Sahib JiGuru Granth Sahib Ji

ਹੇ ਮੇਰੇ ਮਨ! ਕਈ (ਵਡ-ਭਾਗੀ ਐਸੇ) ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ, ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤੇ, ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ । ਉਹ ਮਨੁੱਖ ਬੇਅੰਤ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ, ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ । ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ (ਦੇ ਪੇ੍ਰਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ ।੩।

Guru Granth Sahib JiGuru Granth Sahib Ji

ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ, ਉਹ ਮਨੁੱਖ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ, ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤਿ ਜੁੜੀ ਰਹਿੰਦੀ ਹੈ, ਆਪਣੇ ਆਤਮਕ ਜੀਵਨ ਨੂੰ ਉਹ (ਸਦਾ) ਪੜਤਾਲਦੇ ਰਹਿੰਦੇ ਹਨ, ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮਤਿ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ । (ਪਰ, ਹੇ ਮਨ!) ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ । ਹੇ ਨਾਨਕ! (ਆਖ—) ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ।੪।੩।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement