ਅੱਜ ਦਾ ਹੁਕਮਨਾਮਾ (28 ਅਪ੍ਰੈਲ 2023)

By : GAGANDEEP

Published : Apr 28, 2023, 6:47 am IST
Updated : Apr 28, 2023, 6:47 am IST
SHARE ARTICLE
 Sachkhand Sri Harmandar Sahib
Sachkhand Sri Harmandar Sahib

ਰਾਮਕਲੀ ਮਹਲਾ ੩ ਅਨੰਦੁ

ਰਾਮਕਲੀ ਮਹਲਾ ੩ ਅਨੰਦੁ

ੴ ਸਤਿਗੁਰ ਪ੍ਰਸਾਦਿ ॥

ਏਹੁ ਸੋਹਿਲਾ ਸਬਦੁ ਸੁਹਾਵਾ ॥

ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥

ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥

ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥

ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥

ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥

ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥

ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥

ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥

ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥

ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥

ਜੀਅਹੁ ਮੈਲੇ ਬਾਹਰਹੁ ਨਿਰਮਲ ॥

ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥

ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥

ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥

ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥

ਜੀਅਹੁ ਨਿਰਮਲ ਬਾਹਰਹੁ ਨਿਰਮਲ ॥

ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥

ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥

ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥

ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥

ਸ਼ੁੱਕਰਵਾਰ, ੧੫ ਵੈਸਾਖ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੯੧੯)

ਪੰਜਾਬੀ ਵਿਆਖਿਆ:

ਰਾਮਕਲੀ ਮਹਲਾ ੩ ਅਨੰਦੁ

ੴ ਸਤਿਗੁਰ ਪ੍ਰਸਾਦਿ ॥

(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ, (ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ । ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ ।ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ । ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ ।ਨਾਨਕ ਆਖਦਾ ਹੈ—ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ।੧੬।(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ । ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ! (ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤਿ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ ।ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ ।ਨਾਨਕ ਆਖਦਾ ਹੈ—ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ।੧੭।ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ । ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ । (ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ ।(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ ।ਨਾਨਕ ਆਖਦਾ ਹੈ—ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ।੧੮।(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ । ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ । (ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤਿ੍ਰਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ । (ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ) ।ਨਾਨਕ ਆਖਦਾ ਹੈ—ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ।ਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ । ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ ।(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ ।ਨਾਨਕ ਆਖਦਾ ਹੈ—ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ।੨੦।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement