ਅੱਜ ਦਾ ਹੁਕਮਨਾਮਾ (29 ਦਸੰਬਰ 2022)

By : GAGANDEEP

Published : Dec 29, 2022, 7:05 am IST
Updated : Dec 29, 2022, 7:05 am IST
SHARE ARTICLE
hukamnama-sahib
hukamnama-sahib

ਸੋਰਠਿ ਮਹਲਾ ੫ ॥

 

ਸੋਰਠਿ ਮਹਲਾ ੫ ॥

ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥

ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥

ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥

ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥

ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥

ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥

ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥

ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥

ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥

ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥

ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥

ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥

ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥

ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥

ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥

ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥

ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥

ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥

ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥

ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥

ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥

ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥

ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥

ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥

ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥

ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥

ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥

ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥

ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥

ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥

ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥

ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥

ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥

ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥

ਵੀਰਵਾਰ, ੧੪ ਪੋਹ (ਸੰਮਤ ੫੫੪ ਨਾਨਕਸ਼ਾਹੀ) ੨੯ ਦਸੰਬਰ, ੨੦੨੨ (ਅੰਗ: ੬੪੦)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੫ ॥

ਹੇ ਪਿਆਰੇ (ਭਾਈ)! ਮਾਂ ਦਾ ਪੇਟ ਦੁੱਖਾਂ ਦਾ ਸਮੁੰਦਰ ਹੈ, ਉਥੇ (ਪ੍ਰਭੂ ਨੇ ਜੀਵ ਪਾਸੋਂ) ਆਪਣੇ ਨਾਮ ਦਾ ਸਿਮਰਨ ਕਰਾਇਆ (ਤੇ, ਇਸ ਨੂੰ ਦੁੱਖਾਂ ਤੋਂ ਬਚਾਈ ਰੱਖਿਆ) । ਮਾਂ ਦੇ ਪੇਟ ਵਿਚੋਂ ਕੱਢ ਕੇ (ਜਨਮ ਦੇ ਕੇ, ਪ੍ਰਭੂ ਨੇ ਜੀਵ ਵਾਸਤੇ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਰ ਖਿਲਾਰ ਰੱਖੀ (ਤੇ, ਇਸ ਤਰ੍ਹਾਂ ਜੀਵ ਦੇ ਹਿਰਦੇ ਵਿਚ) ਮਾਇਆ ਦਾ ਮੋਹ ਵਧਾ ਦਿੱਤਾ । ਹੇ ਭਾਈ! ਜਿਸ ਮਨੁੱਖ ਉੱਤੇ ਆਪ ਪ੍ਰਭੂ ਮੇਹਰ ਕਰਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾਂਦਾ ਹੈ । ਉਹ ਮਨੁੱਖ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ, ਪਰਮਾਤਮਾ ਦੇ ਨਾਮ ਦੀ ਲਗਨ (ਆਪਣੇ ਅੰਦਰ) ਬਣਾਈ ਰੱਖਦਾ ਹੈ ।੧। ਹੇ ਪਿਆਰੇ ਪ੍ਰਭੂ! (ਮੇਰੇ) ਮਨ ਵਿਚ (ਮੇਰੇ) ਹਿਰਦੇ ਵਿਚ ਸਦਾ ਤੇਰਾ ਹੀ ਆਸਰਾ ਹੈ (ਤੂੰ ਹੀ ਮਾਇਆ ਦੇ ਮੋਹ ਤੋਂ ਬਚਾਣ ਵਾਲਾ ਹੈਂ) । ਹੇ ਪਿਆਰੇ ਪ੍ਰਭੂ! ਤੂੰ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ । ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੋਵੇ ।ਰਹਾਉ। ਹੇ ਭਾਈ! ਅਨੇਕਾਂ ਜੂਨਾਂ ਦੇ ਦੁੱਖ ਸਹਾਰ ਕੇ, ਕੋ੍ਰੜਾਂ ਜਨਮਾਂ ਵਿਚ ਭਟਕ ਕੇ (ਜੀਵ ਮਨੁੱਖਾ ਜਨਮ ਵਿਚ) ਆਉਂਦਾ ਹੈ, (ਪਰ ਇੱਥੇ ਇਸ ਨੂੰ) ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਹੈ, ਤੇ, ਇਸ ਨੂੰ ਬੜੀ ਸਜ਼ਾ ਮਿਲਦੀ ਹੈ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਦੇ ਹਨ । ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ ।੨। ਹੇ ਭਾਈ! ਮਨੁੱਖ ਨੇ (ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ) ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ (ਉਸ ਦੇ) ਸਰੀਰ ਵਿਚ ਰੋਗ ਪੈਦਾ ਕਰ ਦਿੱਤਾ । ਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ (ਰੋਗ) ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ । ਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ (ਆਪ ਹੀ ਜੀਵ ਨੂੰ) ਕੁਰਾਹੇ ਪਾ ਰੱਖਿਆ ਹੈ । (ਪਰਮਾਤਮਾ ਨਾਲੋਂ ਜੀਵ ਦਾ) ਵਿਛੋੜ ਮੁੱਕਣ ਵਿਚ ਨਹੀਂ ਆਉਂਦਾ । ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ (ਪਦਾਰਥਾਂ ਦੇ ਭੋਗਾਂ ਤੋਂ) ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਹਨਾਂ ਦਾ (ਪਰਮਾਤਮਾ ਨਾਲ) ਮਿਲਾਪ ਹੋ ਗਿਆ ।੩। ਹੇ ਪਿਆਰੇ ਪ੍ਰਭੂ! ਜੇਹੜੇ ਮਨੁੱਖ (ਸਦਾ) ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ । ਹੇ ਮਾਲਕ ਪ੍ਰਭੂ! ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ (ਆਤਮਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ) ਮਿੱਟੀ ਹੋ ਜਾਂਦੇ ਹਨ । (ਮਾਇਆ ਦੇ ਮੋਹ ਕਾਰਨ ਦੁੱਖੀ ਹੋ ਹੋ ਕੇ) ਉਹ ਬਥੇਰੇ ਵਿਲਕਦੇ ਹਨ, ਪਰ ਉਹਨਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ । ਹੇ ਭਾਈ! ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ ।੪। ਹੇ ਭਾਈ! ਜਿਥੋਂ ਤਕ ਵੱਸ ਲੱਗੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਮਨੁੱਖ ਨੂੰ ਮਿਲਿਆਂ ਪਰਮਾਤਮਾ ਵਿਸਰ ਜਾਂਦਾ ਹੈ । (ਜੇਹੜਾ ਮਨੁੱਖ ਸਾਕਤ ਦਾ ਸੰਗ ਕਰਦਾ ਹੈ) ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਾ ਜਾਂਦਾ ਹੈ । ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ, (ਉਸ ਨੂੰ ਸਗੋਂ ਉਥੇ) ਸਜ਼ਾ ਮਿਲਦੀ ਹੈ । ਪਰ, ਹੇ ਭਾਈ! ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪਰਮਾਤਮਾ ਨੇ ਸੋਹਣਾ ਬਣਾ ਦਿੱਤਾ ਹੈ, ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ।੫। ਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ । ਜੇਹੜੇ ਮਨੁੱਖ ਪਰਮਾਤਮਾ ਵਲੋਂ ਆਪਣਾ ਮੂੰਹ ਭਵਾਈ ਰੱਖਦੇ ਹਨ, ਉਹਨਾਂ ਦੇ (ਤਾਂ) ਖ਼ਾਨਦਾਨ ਵਿਚ (ਭੀ) ਕਲੰਕ ਦਾ ਟਿੱਕਾ ਲੱਗ ਜਾਂਦਾ ਹੈ । (ਸਾਕਤ ਮਨੁੱਖ ਹਿਰਦੇ ਵਿਚ) ਵੱਸਦੇ (ਕੀਮਤੀ ਹਰਿ-ਨਾਮ) ਪਦਾਰਥ ਨਾਲ ਸਾਂਝ ਨਹੀਂ ਪਾਂਦਾ (ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਹੈ, ਪਰ ਕੋਈ ਭੀ) ਨਾਸਵੰਤ ਪਦਾਰਥ (ਪਰਲੋਕ ਵਿਚ) ਨਾਲ ਨਹੀਂ ਜਾਂਦਾ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਆਪਣੇ ਹਿਰਦੇ ਵਿਚ) ਵਸਾਈ ਰੱਖਦੇ ਹਨ ।੬। ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ (ਆਦਿਕ ਗੁਣ ਪੈਦਾ ਹੋ ਜਾਂਦੇ ਹਨ) । ਉਹ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ, (ਉਸ ਦਾ ਹਿਰਦਾ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨੱਕ ਭਰਿਆ ਰਹਿੰਦਾ ਹੈ । (ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ) ਉਹ ਮਨੁੱਖ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਸੰਸਾਰ-ਸਮੁੰਦਰ ਤੋਂ ਪਾਰ ਪਹੁੰਚ ਜਾਂਦੇ ਹਨ । ਹੇ ਪਿਆਰੇ ਪ੍ਰਭੂ! ਜੇਹੜਾ ਜੇਹੜਾ ਮਨੁੱਖ ਤੈਨੂੰ ਚੰਗਾ ਲੱਗਦਾ ਹੈ, ਉਸ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ । ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ ।੭। ਹੇ ਭਾਈ! ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ-ਵਿਆਪਕ ਹੈ, ਦਇਆ ਦਾ ਘਰ ਹੈ, ਪ੍ਰਕਾਸ਼-ਰੂਪ ਹੈ । ਭਗਤਾਂ ਨੂੰ (ਸਦਾ) ਉਸ ਦਾ ਆਸਰਾ ਰਹਿੰਦਾ ਹੈ । ਹੇ ਭਾਈ! ਭਗਤ ਉਸ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜੇਹੜਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਤੇ, ਸਿਆਣਾ ਹੈ । ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ । ਹੇ ਨਾਨਕ! ਆਖ—ਹੇ ਭਾਈ (ਮੇਰੀ ਤਾਂ ਸਦਾ ਇਹੀ ਤਾਂਘ ਹੈ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ । ਮੈਂ (ਉਸ ਤੋਂ) ਸਦਾ ਸਦਕੇ ਜਾਂਦਾ ਹਾਂ ।੮।੨।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement