Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (29 ਦਸੰਬਰ 2023)
Published : Dec 29, 2023, 7:00 am IST
Updated : Dec 29, 2023, 7:13 am IST
SHARE ARTICLE
Sri Darbar Sahib
Sri Darbar Sahib

ਸਲੋਕੁ ਮਹਲਾ ੨ ॥

Ajj da Hukamnama Sri Darbar Sahib: ਸਲੋਕੁ ਮਹਲਾ ੨ ॥

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥

ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ ਮਹਲਾ ੨ ॥

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ ਮਹਲਾ ੨ ॥

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥

ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥

ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥

ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥

ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥ ਮਹਲਾ ੨ ॥

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥ਮਹਲਾ ੨ ॥

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ ਪਉੜੀ ॥

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥

ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

ਸ਼ੁੱਕਰਵਾਰ, ੧੪ ਪੋਹ (ਸੰਮਤ ੫੫੫ ਨਾਨਕਸ਼ਾਹੀ) ੨੯ ਦਸੰਬਰ, ੨੦੨੩ (ਅੰਗ: ੪੭੪)

ਪੰਜਾਬੀ ਵਿਆਖਿਆ:

ਸਲੋਕੁ ਮਹਲਾ ੨ ॥

ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ। ਮਨੁੱਖ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। ਆਪਣਾ ਆਪ ਗੁਆ ਕੇ ਸੇਵਾ ਵਿਚ ਲੱਗਾ ਹੋਇਆ ਮਨੁੱਖ ਹੀ ਮਾਲਕ ਦੇ ਦਰ ਤੇ ਕਬੂਲ ਹੁੰਦਾ ਹੈ।੧।

ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ ਉਹੀ ਪਰਗਟ ਹੁੰਦਾ ਹੈ, ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ, ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ। ਪਰ ਉਸ ਦੇ ਫਲ ਵਜੋਂ ਮੰਗਦਾ ਅੰਮ੍ਰਿਤ ਹੈ।੨।

ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਚੜ੍ਹਦੀ, ਕਿਉਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਿਹੀ ਉਸ ਦੀ ਸਮਝ ਹੁੰਦੀ ਹੈ; ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ। ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ। ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ। ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, ਭਾਵ, ਜਿਤਨਾ ਚਿਰ ਮਨੁੱਖ ਦੁਨੀਆਂ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ ਪ੍ਰਭੂ ਦੀ ਸਿਫਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ।੩।

ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ, ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ; ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ।੪। ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ; ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ।੫। ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ ਤਾਂ ਹੀ ਸਮਝੋ, ਕਿ ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ, ਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ। ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ, ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ, ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ। ਹੇ ਨਾਨਕ! ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ; ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ।੨੨।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement