ਸੋ ਦਰ ਤੇਰਾ ਕਿਹਾ- ਕਿਸਤ 55
Published : Jul 6, 2018, 5:00 am IST
Updated : Nov 22, 2018, 1:20 pm IST
SHARE ARTICLE
So Dar Tera Keha -55
So Dar Tera Keha -55

ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਦੀ ਦਲੀਲ ਇਹ ਸੀ ਕਿ ਮਨੁੱਖ ਧਰਤੀ 'ਤੇ ਚਲ ਸਕਦਾ ਹੈ, ਦੌੜ ਸਕਦਾ ਹੈ ਤੇ ਹਰ ਕੰਮ ਕਰ ਸਕਦਾ ਹੈ...

ਅੱਗੇ...

ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਦੀ ਦਲੀਲ ਇਹ ਸੀ ਕਿ ਮਨੁੱਖ ਧਰਤੀ 'ਤੇ ਚਲ ਸਕਦਾ ਹੈ, ਦੌੜ ਸਕਦਾ ਹੈ ਤੇ ਹਰ ਕੰਮ ਕਰ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਪਾਣੀ ਵਿਚ ਜਾ ਕੇ ਤੈਰ ਸਕਦਾ ਹੈ ਤੇ ਪਾਣੀ ਦੇ ਜੀਵਾਂ ਦੇ ਖਾਣ ਵਾਲਾ ਭੋਜਨ ਵੀ ਖਾ ਕੇ ਜ਼ਿੰਦਾ ਰਹਿ ਸਕਦਾ ਹੈ ਪਰ ਕੇਵਲ ਇਸ ਨੂੰ ਆਕਾਸ਼ ਵਿਚ ਜਾਣ ਤੋਂ ਹੀ ਕਿਉਂ ਰੋਕਿਆ ਗਿਆ ਹੈ ਤੇ ਉੱਡਣ ਦੇ ਕਾਬਲ ਕਿਉਂ ਨਹੀਂ ਬਣਾਇਆ ਗਿਆ? ਦਲੀਲ ਦਾ ਅੰਤ ਇਥੇ ਆ ਕੇ ਹੀ ਕੀਤਾ ਜਾਂਦਾ ਹੈ ਕਿ ਰੱਬ ਨੂੰ ਪਤਾ ਸੀ ਕਿ ਸਮੁੰਦਰਾਂ ਦੀਆਂ ਡੂੰਘਾਈਆਂ ਵਿਚ ਜਾ ਕੇ ਸਮੁੰਦਰ ਦੇ ਸਾਰੇ ਭੇਤ ਸਮਝ ਲੈਣ ਵਾਲੇ ਮਨੁੱਖ ਨੂੰ ਜੇਕਰ ਖੰਭ ਲਾ ਦਿਤੇ ਗਏ।

ਇਸ ਨੇ ਆਕਾਸ਼ ਵਿਚ ਉਡਦਿਆਂ ਉਡਦਿਆਂ ਰੱਬ ਦੇ ਘਰ ਤਕ ਵੀ ਪਹੁੰਚ ਜਾਣਾ ਹੈ ਤੇ ਪ੍ਰਮਾਤਮਾ ਦਾ ਹਰ ਭੇਤ ਜਾਣ ਲੈਣਾ ਹੈ। ਯਾਦ ਰਹੇ, ਗੁਰਬਾਣੀ ਵਿਚ ਜਿਥੇ ਕਿਤੇ ''ਭੀ ਤੇਰੀ ਕੀਮਤ ਨਾ ਪਵੈ'' ਵਰਗੇ ਸ਼ਬਦ ਆ ਜਾਂਦੇ ਹਨ, ਉਥੇ ਇਨ੍ਹਾਂ ਦਾ ਅਰਥ ਸਚਮੁਚ ਪ੍ਰਭੂ ਦੀ ਕੀਮਤ ਜਾਂ ਮੁੱਲ ਪਾਉਣਾ ਨਹੀਂ ਹੁੰਦਾ ਸਗੋਂ ਉਸ ਅਕਾਲ ਪੁਰਖ ਦਾ ਭੇਤ ਪਾਉਣਾ ਹੁੰਦਾ ਹੈ। ਧਰਤੀ ਦਾ ਕੋਈ ਜੀਵ ਏਨਾ ਵੱਡਾ ਨਹੀਂ ਕਿ ਉਹ ਰੱਬ ਦੀ ਕੀਮਤ ਪਾਉਣ ਦੀ ਸੋਚ ਵੀ ਸਕੇ ਕਿਉਂਕਿ ਕੀਮਤ ਉਦੋਂ ਪਾਈ ਜਾਂਦੀ ਹੈ ਜਦੋਂ ਕਿਸੇ ਨੂੰ ਅਪਣੇ ਕਬਜ਼ੇ ਵਿਚ ਕਰਨ ਲਈ, ਉਸ ਨੂੰ ਖ਼ਰੀਦਣਾ ਹੋਵੇ।

ਅਕਾਲ ਪੁਰਖ ਦੀ ਕੀਮਤ ਕੌਣ ਪਾ ਸਕਦਾ ਹੈ ਤੇ ਕੌਣ ਉਸ ਨੂੰ ਖ਼ਰੀਦ ਸਕਦਾ ਹੈ? ਮਨੁੱਖ ਦਾ ਵੱਡੇ ਤੋਂ ਵੱਡਾ ਯਤਨ, ਉਸ ਪ੍ਰਭੂ ਦਾ ਭੇਤ ਜਾਣਨ ਤਕ ਸੀਮਤ ਹੈ ਤੇ ਇਸ ਨੂੰ ਗੁਰਬਾਣੀ ਦੀ ਭਾਸ਼ਾ ਵਿਚ 'ਕੀਮਤ ਪਾਉਣਾ' ਕਿਹਾ ਗਿਆ ਹੈ। ਬਹੁਤੇ ਟੀਕਾਕਾਰਾਂ ਨੇ ਇਸ ਕਾਵਿ-ਟੁਕੜੀ ਦੇ ਅੱਖਰੀ ਅਰਥ ਹੀ ਕੀਤੇ  ਹਨ ਜੋ ਭੰਬਲਭੂਸੇ ਵਿਚ ਹੀ ਪਾਉਂਦੇ ਹਨ ਤੇ ਬਾਕੀ ਦੇ ਸ਼ਬਦ ਦੀ ਸਮਝ ਵੀ ਆਉਣੋਂ ਰੁਕ ਜਾਂਦੀ ਹੈ। ਵਿਚਾਰ ਚਲ ਰਹੀ ਸੀ ਕਿ ਹਵਾਈ ਸੋਚ ਸੋਚਣ ਵਾਲਿਆਂ ਨੇ ਸ਼ੁਰੂ ਤੋਂ ਹੀ ਇਹ ਖ਼ਿਆਲ ਮਨ ਵਿਚ ਪਲਰਨ ਦਿਤਾ ਕਿ ਉਹ ਅਕਾਲ ਪੁਰਖ ਦੂਰ ਕਿਤੇ ਅਸਮਾਨ ਵਿਚ ਰਹਿੰਦਾ ਹੈ।

ਤੇ ਜੇ ਮਨੁੱਖ ਨੂੰ ਉੱਡਣ ਦੀ ਸਮਰੱਥਾ ਦਿਤੀ ਗਈ ਹੁੰਦੀ ਤਾਂ ਉਸ ਨੇ ਰੱਬ ਦੇ ਘਰ ਦੀ ਖੋਜ ਵੀ ਕਰ ਲੈਣੀ ਸੀ ਤੇ ਉਸ ਦੇ ਸਾਰੇ ਭੇਤ ਵੀ ਜਾਣ ਲੈਣੇ ਸਨ। ਬਾਬਾ ਨਾਨਕ ਕਹਿੰਦੇ ਹਨ ਕਿ ਇਕ, ਸੱਤ, 14 ਜਾਂ 20 ਅਸਮਾਨਾਂ ਦੀ ਗੱਲ ਹੀ ਕੀ ਹੈ, ਹੇ ਪ੍ਰਾਣੀ, ਜੇ ਤੂੰ ਪੰਛੀ ਵਾਂਗ ਡਾਰੀ ਵੀ ਲਾ ਸਕੇਂ ਤੇ 100 ਅਸਮਾਨ ਵੀ ਪਾਰ ਕਰ ਲਵੇਂ ਤੇ ਇਸ ਉਡਾਰੀ ਦੌਰਾਨ, ਨਾ ਕਿਸੇ ਨੂੰ ਵਿਖਾਈ ਦੇਵੇਂ ਤੇ ਨਾ ਹੀ ਤੈਨੂੰ ਖਾਣ ਪੀਣ ਦੀ ਕੋਈ ਲੋੜ ਹੀ ਮਹਿਸੂਸ ਹੋਵੇ, ਤਾਂ ਵੀ ਤੂੰ ਉਸ ਪ੍ਰੀਤਮ ਨੂੰ ਨਹੀਂ ਮਿਲ ਸਕੇਂਗਾ ਕਿਉਂਕਿ ਤੂੰ ਜਾਣਦਾ ਹੀ ਨਹੀਂ ਕਿ ਉਸ ਦੀ ਵਡਿਆਈ ਹੱਦਾਂ ਬੰਨਿਆਂ ਵਿਚ ਨਹੀਂ ਨਾਪੀ ਜਾ ਸਕਦੀ ਕਿ ਉਹ ਫ਼ਲਾਣੀ ਥਾਂ 'ਤੇ ਬੈਠਾ ਹੈ ਤੇ ਫ਼ਲਾਣੇ ਢੰਗ ਨਾਲ ਉਸ ਨੂੰ ਫੜਿਆ ਜਾ ਸਕਦਾ ਹੈ।

ਨਹੀਂ, ਉਹ ਤਾਂ ਸਰਬ-ਵਿਆਪਕ ਹੈ ਤੇ ਉਸ ਨੂੰ ਬਿਨਾ ਕਿਸੇ ਚਲਾਕੀ ਜਾਂ ਕੋਸ਼ਿਸ਼ ਦੇ, ਅਪਣੇ ਅੰਦਰ ਹੀ ਲਭਿਆ ਜਾ ਸਕਦਾ ਹੈ ਪਰ ਇਹ ਸੌਖਾ ਰਾਹ ਤੈਨੂੰ ਚੰਗਾ ਹੀ ਨਹੀਂ ਲਗਦਾ। ਚੌਥੀ ਮਿਸਾਲ ਆਪ ਵਿਦਵਤਾ ਦੀ ਦੇਂਦੇ ਹਨ। ਬੜੇ ਲੋਕਾਂ ਨੂੰ ਭੁਲੇਖਾ ਹੈ ਕਿ ਜੇ ਸਾਰੇ ਗ੍ਰੰਥ ਪੜ੍ਹ ਲਏ ਜਾਣ, ਸਾਰਾ ਗਿਆਨ ਜ਼ਬਾਨੀ ਯਾਦ ਹੋ ਜਾਵੇ ਤਾਂ ਇਸ ਵਿਦਵਤਾ ਦੇ ਸਹਾਰੇ, ਉਸ ਵੱਡੇ ਭੇਤ ਦਾ ਪਤਾ ਆਸਾਨੀ ਨਾਲ ਲੱਗ ਸਕਦਾ ਹੈ ਜਿਸ ਭੇਤ ਨੂੰ, ਰੱਬ ਕਹਿੰਦੇ ਹਨ। ਬਾਬਾ ਨਾਨਕ ਫ਼ਰਮਾਉਂਦੇ ਹਨ, ਕੁੱਝ ਗ੍ਰੰਥ ਨਹੀਂ ਤੇ ਗਿਆਨ ਦੇ ਕੁੱਝ ਸ੍ਰੋਤ ਨਹੀਂ ਸਗੋਂ,

ਜੇ ਉਸ ਮਾਲਕ ਦੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣ ਕਾਗ਼ਜ਼ ਵੀ ਤੈਨੂੰ ਪੜ੍ਹਨ ਲਈ ਮਿਲ ਜਾਣ ਤੇ ਉਨ੍ਹਾਂ ਨੂੰ ਵਾਰ ਵਾਰ ਪੜ੍ਹ ਕੇ ਤੂੰ ਵਾਰ ਵਾਰ ਉਨ੍ਹਾਂ ਉਤੇ ਵਿਚਾਰ ਵੀ ਕਰ ਲਵੇਂ ਤੇ ਫਿਰ ਇਸ ਪ੍ਰਾਪਤ ਕੀਤੇ ਗਿਆਨ ਦੇ ਸਹਾਰੇ, ਉਸ ਪ੍ਰਭੂ ਦਾ ਭੇਤ ਦੱਸਣ ਲਈ ਤੂੰ ਹਵਾ ਨੂੰ ਕਲਮ ਬਣਾ ਕੇ ਤੇ ਕਦੀ ਨਾ ਮੁੱਕਣ ਵਾਲੀ ਸਿਆਹੀ ਨਾਲ ਲਿਖਣਾ ਸ਼ੁਰੂ ਕਰ ਦੇਵੇਂ, ਤਾਂ ਵੀ ਤੂੰ ਉਸ ਬਾਰੇ ਕੁੱਝ ਵੀ ਨਹੀਂ ਦਸ ਸਕੇਂਗਾ ਕਿਉਂਕਿ ਗਿਆਨ ਅਤੇ ਵਿਦਵਤਾ ਦੇ ਘੇਰੇ ਤੋਂ ਬਾਹਰ ਰਹਿਣ ਵਾਲੀ ਹਸਤੀ ਨੂੰ, ਦੁਨਿਆਵੀ ਵਿਦਵਤਾ ਨਹੀਂ ਪਹਿਚਾਣ ਸਕਦੀ।

ਵਿਦਵਤਾ, ਪੜ੍ਹਾਈ ਤੇ ਗਿਆਨ ਅਪਣੀ ਥਾਂ ਬਹੁਤ ਚੰਗੇ ਹਨ ਤੇ ਜ਼ਰੂਰੀ ਵੀ ਹਨ ਪਰ ਉਸ ਪ੍ਰਭੂ ਨਾਲ ਮਿਲਾਪ ਕਰਨ ਤੇ ਉਸ ਦੇ ਭੇਤ ਜਾਣਨ ਦਾ ਰਾਹ ਪ੍ਰੇਮ-ਮਾਰਗ ਦਾ ਰਾਹ ਹੀ ਹੈ, ਹੋਰ ਕੋਈ ਰਾਹ ਨਹੀਂ। ਉਸ ਪ੍ਰਭੂ ਦਾ ਭੇਤ ਜਾਣਨ ਲਈ ਨਾ ਜਪੁ ਤਪੁ ਦੀ ਕੋਈ ਮਹੱਤਤਾ ਹੈ, ਨਾ ਸ੍ਰੀਰ ਨੂੰ ਦਿਤੇ ਅੰਤਾਂ ਦੇ ਕਸ਼ਟਾਂ ਦੀ। ਉਸ ਨੂੰ ਜਾਣਨ ਤੇ ਉਸ ਨਾਲ ਸਾਂਝ ਪਾਉਣ ਲਈ ਨਾ ਆਕਾਸ਼ਾਂ ਵਿਚ ਲਾਈਆਂ ਉਡਾਰੀਆਂ ਹੀ ਕਿਸੇ ਕੰਮ ਆ ਸਕਦੀਆਂ ਹਨ, ਨਾ ਗ੍ਰੰਥਾਂ ਦੀ ਪੜ੍ਹਾਈ ਅਤੇ ਨਾ ਹੀ ਵਿਦਵਤਾ ਕਿਉਂਕਿ ਇਹ ਸਾਰੇ ਰਾਹ ਉਸ ਦੇ ਦਰ 'ਤੇ ਲਿਜਾਣ ਵਾਲੇ ਰਾਹ ਨਹੀਂ ਹਨ। ਉਸ ਦੇ ਦਰ 'ਤੇ ਜਾਣ ਲਈ ਪ੍ਰੇਮ-ਮਾਰਗ ਹੀ ਇਕੋ ਇਕ ਰਾਹ ਹੈ ਤੇ ਉਸ ਦੀ ਤਾਕੀ, ਤੇਰੇ ਅੰਦਰ ਖੁਲ੍ਹਦੀ ਹੈ, ਬਾਹਰ ਕਿਤੇ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement