
ਪ੍ਰਭੂ ਨਾਲ ਪਾਇਆ ਇਹ ਸੱਚਾ ਪ੍ਰੇਮ ਹੀ ਗ੍ਰਹਿਸਤੀਆਂ ਦਾ 'ਜਪੁ' ਹੁੰਦਾ ਹੈ
ਅੱਗੇ......
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ, ਮਾਤਾ-ਪਿਤਾ, ਪਤੀ-ਪਤਨੀ, ਬਾਪ-ਬੇਟੇ ਆਦਿ ਇਨਸਾਨੀ ਰਿਸ਼ਤਿਆਂ ਦੀਆਂ ਮਿਸਾਲਾਂ ਦੇ ਦੇ ਕੇ ਵੀ, ਵਾਹਿਗੁਰੂ ਦੇ ਨਾਂ ਨਾਲ ਪਿਆਰ ਪਾਉਣ ਅਤੇ ਉਸ ਵਿਚੋਂ ਮਿਲਦੇ ਪਰਮ ਆਨੰਦ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਆ ਗਿਆ ਹੈ। ਆਮ ਆਦਮੀ ਨੂੰ ਅਮਲੀ ਜੀਵਨ ਦੀਆਂ ਮਿਸਾਲਾਂ ਰਾਹੀਂ ਪਰਮ-ਗਿਆਨ ਦੇਣ ਦਾ ਢੰਗ ਬੜਾ ਕਾਰਗਰ ਹੁੰਦਾ ਹੈ ਤੇ ਗੁਰਬਾਣੀ ਵਿਚ ਵੀ ਇਸ ਨੂੰ ਵਾਰ ਵਾਰ ਅਪਨਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ, ਜਮਨਾ ਦੇ ਕਿਨਾਰੇ, ਜਦ ਸੌਖੀ ਤੇ ਆਮ ਫ਼ਹਿਮ ਭਾਸ਼ਾ ਵਿਚ ਗੁਰਮਤਿ ਦਾ ਫ਼ਲਸਫ਼ਾ ਸਮਝਾਉਂਦੇ ਸਨ ਤਾਂ ਬਾਰ ਬਾਰ ਕਹਿੰਦੇ ਸਨ :
Baba Nanak
''ਸਾਚ ਕਹੁੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਉ||''
ਪ੍ਰਭੂ ਨਾਲ ਪਾਇਆ ਇਹ ਸੱਚਾ ਪ੍ਰੇਮ ਹੀ ਗ੍ਰਹਿਸਤੀਆਂ ਦਾ 'ਜਪੁ' ਹੁੰਦਾ ਹੈ। ਇਹੀ ਗੁਰਮਤਿ ਦਾ ਸੁਨੇਹਾ ਹੈ। ਜਦੋਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਗੁਰੂ ਅਮਰਦਾਸ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਭੋਰਿਆਂ ਵਿਚ ਬਹਿ ਕੇ 'ਜਪੁ' ਕਰਨ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਗੁਰਮਤਿ ਦੇ ਧਾਰਨੀਆਂ ਨੂੰ ਇਹ ਠੀਕ ਨਹੀਂ ਲਗਦੀਆਂ। ਇਸੇ ਤਰ੍ਹਾਂ ਜਦੋਂ ਬਾਬਾ ਨੰਦ ਸਿੰਘ ਦੀ ਸੰਪਰਦਾ ਨਾਲ ਜੁੜੇ ਜਾਂ ਦਮਦਮੀ ਟਕਸਾਲ ਦੇ ਪ੍ਰਚਾਰਕ ਅਪਣੀਆਂ ਸੰਪਰਦਾਵਾਂ ਦੇ ਉਨ੍ਹਾਂ ਸਿੰਘਾਂ ਦੇ ਸੋਹਿਲੇ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਗਾਉਂਦੇ ਹਨ ਜੋ ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਭੋਰਿਆਂ ਵਿਚ ਬੈਠ ਕੇ ਜਪੁ ਤਪੁ ਕਰਦੇ ਹਨ ਤਾਂ ਉਹ ਨਹੀਂ ਜਾਣਦੇ ਹੁੰਦੇ ਕਿ ਉਹ ਬਾਬੇ ਨਾਨਕ ਦੇ ਦੱਸੇ 'ਜਪੁ' ਦੀ ਗੱਲ ਨਹੀਂ ਕਰ ਰਹੇ ਹੁੰਦੇ ਸਗੋਂ ਬਾਬੇ ਨਾਨਕ ਤੋਂ ਪਹਿਲਾਂ ਵਾਲੇ ਸਮਿਆਂ ਦੇ ਜੱਪ ਤੱਪ ਦੀ ਗੱਲ ਕਰ ਰਹੇ ਹੁੰਦੇ ਹਨ। ਸਾਰੇ ਜਪੁਜੀ ਸਾਹਿਬ ਵਿਚ ਇਸ ਪੁਰਾਤਨ 'ਜਪੁ ਤਪੁ' ਨੂੰ ਰੱਦ ਕਰ ਕੇ, ਕੇਵਲ ਗ੍ਰਹਿਸਤੀਆਂ ਵਾਲੇ ਜੱਪ ਅਰਥਾਤ ਨਿਸ਼ਕਾਮ ਪ੍ਰੇਮ ਵਾਲੇ 'ਜਪੁ' (ਹਰ ਪਲ, ਕੰਮ ਕਾਰ ਕਰਦਿਆਂ, ਯਾਦ ਪਿਆਰੇ ਨਾਲ ਜੁੜੀ ਰਹਿਣ) ਦੀ ਗੱਲ ਕੀਤੀ ਗਈ ਹੈ ਕਿਉਂਕਿ ਗ੍ਰਹਿਸਤੀ ਦੂਜਾ 'ਜਪ' ਕਰ ਹੀ ਨਹੀਂ ਸਕਦੇ ਅਤੇ ਬਾਬੇ ਨਾਨਕ ਦਾ ਧਰਮ ਗ੍ਰਹਿਸਤੀਆਂ ਦਾ ਧਰਮ ਹੈ, ਗ੍ਰਹਿਸਤ ਤੋਂ ਭੱਜਣ ਵਾਲਿਆਂ ਦਾ ਨਹੀਂ। ਭਾਈ ਗੁਰਦਾਸ ਨੇ ਇਸੇ ਲਈ ਗੁਰਮਤਿ ਦੇ ਇਸ 'ਜਪੁ' ਨੂੰ ਹੋਰ ਵੀ ਸੌਖੀ ਭਾਸ਼ਾ ਵਿਚ ਬਿਆਨ ਕਰਦਿਆਂ ਕਿਹਾ ਸੀ ਕਿ ਅਕਾਲ ਪੁਰਖ ਨੂੰ ਕਿਸੇ ਪ੍ਰਕਾਰ ਦੀ ਭਗਤੀ ਜਾਂ ਕਰਮ ਕਾਂਡ ਦੀ ਲੋੜ ਨਹੀਂ, ਉਹ ਤਾਂ ਕੇਵਲ ਪਿਆਰ ਜਾਂ ਪ੍ਰੇਮ ਦਾ ਹੀ ਭੁੱਖਾ ਹੈ :
Baba Nanak
''ਗੋਬਿੰਦ ਭਾਉ ਭਗਤਿ ਦਾ ਭੁੱਖਾ''
ਇਹ 'ਭਾਉ ਭਗਤਿ' ਹੋਰ ਕੁੱਝ ਨਹੀਂ, ਪਿਆਰ ਦੀ ਭਗਤੀ ਹੀ ਹੈ। ਇਥੇ ਵੇਦਾਂਤ ਦੀ 'ਪ੍ਰੇਮਾ ਭਗਤੀ' ਦਾ ਜ਼ਿਕਰ ਕਰ ਲੈਣਾ ਵੀ ਜ਼ਰੂਰੀ ਹੈ। 'ਪ੍ਰੇਮਾ ਭਗਤੀ' ਵਿਚ ਪ੍ਰੇਮ ਵੀ ਹੈ ਤੇ ਭਗਤੀ ਵੀ। ਭਗਤੀ ਮੁੱਖ ਕਰਮ ਹੈ ਤੇ ਪ੍ਰੇਮ, ਵਿਚਾਰ ਦੇ ਪੱਧਰ ਤੇ ਮੰਨੇ ਜਾਣ ਵਾਲਾ ਸਿਧਾਂਤ ਹੈ ਜਦਕਿ ਬਾਬੇ ਨਾਨਕ ਦੇ 'ਜਪੁ' ਅਤੇ 'ਭਾਉ ਭਗਤਿ' ਵਿਚ ਭਗਤੀ ਕੋਈ ਵਖਰੀ ਨਹੀਂ ਕਰਨੀ ਪੈਂਦੀ, ਸੱਚੇ ਪ੍ਰੇਮ ਵਿਚ ਆਪੇ ਹੋ ਗਈ ਮੰਨੀ ਜਾਂਦੀ ਹੈ। ਇਹ ਬੜਾ ਮਹੱਤਵਪੂਰਨ ਫ਼ਰਕ ਹੈ। ਜਿਸ ਪਿਆਰੇ ਨੂੰ ਤੁਸੀ ਪਿਆਰ ਕਰਦੇ ਹੋ, ਉਸ ਨਾਲ ਨਿਸ਼ਕਾਮ ਰੂਪ ਵਿਚ ਕੀਤਾ ਪਿਆਰ ਹੀ ਉਸ ਦੀ 'ਭਗਤੀ' ਅਥਵਾ 'ਭਾਉ ਭਗਤਿ' ਹੈ। ਇਹੀ ਜਪੁ ਹੈ ਤੇ 'ਜਪੁ' ਬਾਣੀ ਦਾ ਕੁਲ ਪ੍ਰਯੋਜਨ ੴ ਨਾਲ ਮਨੁੱਖ ਦਾ ਨਿਸ਼ਕਾਮ ਪਿਆਰ ਪੈਦਾ ਕਰਨਾ ਹੀ ਹੈ, ਕਰਮ-ਕਾਂਡ ਵਾਲਾ ਜਪੁ ਤਪੁ ਕਰਵਾਉਣਾ ਨਹੀਂ। ਨਿਸ਼ਕਾਮ ਪ੍ਰੇਮ ਉਸੇ ਨਾਲ ਹੁੰਦਾ ਹੈ ਜਿਸ ਨੂੰ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਤੇ ਜਿਸ ਉਤੇ ਤੁਸੀ ਫ਼ਖ਼ਰ ਕਰਦੇ ਹੋ। ਜਪੁਜੀ ਦੀ ਬਾਣੀ ੴ ਨਾਲ ਤੁਹਾਡੀ ਪੂਰੀ ਜਾਣਕਾਰੀ ਇਸ ਤਰ੍ਹਾਂ ਕਰਵਾਂਦੀ ਹੈ ਕਿ ਉਹ ਤੁਹਾਨੂੰ ਪਿਆਰਾ ਪਿਆਰਾ ਲੱਗਣ ਲਗਦਾ ਹੈ ਤੇ ਤੁਸੀ ਉਸ ਨੂੰ ਨਿਸ਼ਕਾਮ ਪ੍ਰੇਮ ਕਰਨ ਲਗਦੇ ਹੋ। ਉਹ ਪਿਆਰਾ ਕੌਣ ਹੈ? ਉਹ ੴ ਹੈ ਤੇ ਗੁਰੂ ਬਾਬਾ ਉਸ ਨਾਲ ਸਾਡੀ ਜਾਣ ਪਛਾਣ ਕਰਵਾਉਂਦੇ ਹਨ।
Joginder Singh
ਲੇਖਕ: ਜੋਗਿੰਦਰ ਸਿੰਘ