
ਸੜਕ ਹਾਦਸੇ 'ਚ ਨਵ-ਵਿਆਹੇ ਨੌਜਵਾਨ ਸਮੇਤ 3 ਮੌਤਾਂ
ਥਾਣਾ ਸਦਰ ਦੇ ਅਧੀਨ ਪੈਂਦੇ ਬਾਈਪਾਸ ਉਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਰਾਜਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਉਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਾਇਆ। ਜਿਥੇ ਡਾਕਟਰਾਂ ਦੀ ਟੀਮ ਨੇ 3 ਦੀ ਮੌਤ ਦੀ ਪੁਸ਼ਟੀ ਕਰ ਦਿਤੀ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੈ।
ਜਾਣਕਾਰੀ ਮੁਤਾਬਕ ਪਿੰਡ ਕੂਥੀ ਨਿਵਾਸੀ ਅਮਨਦੀਪ ਪੁੱਤਰ ਪ੍ਰਿਤਪਾਲ ਘਰ ਤੋਂ ਜ਼ਰੂਰੀ ਕੰਮ ਲਈ ਗੁਰਦਾਸਪੁਰ ਆਇਆ ਹੋਇਆ ਸੀ। ਜਦੋਂ ਕੰਮ ਖ਼ਤਮ ਕਰ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਥਾਣਾ ਸਦਰ ਦੇ ਅੱਗੇ ਪ੍ਰੇਮ ਨਗਰ ਰੋਡ ਉਤੇ ਬਣੇ ਬਾਈਪਾਸ ਉਤੇ ਦੂਜੀ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਵਿਚ ਬੁਲਟ ਮੋਟਰਸਾਈਕਲ ਸਵਾਰ ਅਤੇ ਦੂਜੇ ਮੋਟਰਸਾਈਕਲ ਦੇ ਦੋ ਲੋਕ ਮੌਕੇ ਉੱਤੇ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਧਾਰੀਵਾਲ ਦੇ ਕੋਲ ਸਥਿਤ ਪਿੰਡ ਸੁਜਾਨਪੁਰ ਦੇ ਰਹਿਣ ਵਾਲੇ ਜਰਨੈਲ ਸਿੰਘ ਪੁੱਤਰ ਅਜਾਇਬ ਸਿੰਘ, ਬਲਰਾਜ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਇਨ੍ਹਾਂ ਦਾ ਇੱਕ ਹੋਰ ਦੋਸਤ ਰਾਹੁਲ ਕੁਮਾਰ ਜੋ ਕਿ ਜ਼ਖ਼ਮੀ ਹੈ, ਜਦੋਂ ਕਿ ਬਲਰਾਜ ਅਤੇ ਜਰਨੈਲ ਦੀ ਮੌਤ ਹੋ ਗਈ ਹੈ ।