
ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ
3 ਸਾਲ ਪਹਿਲਾਂ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੇ ਵਾਪਸ ਪਰਤਣ ਦੀ ਆਸ ਹੁਣ ਸਦਾ ਲਈ ਖ਼ਤਮ ਹੋ ਗਈ ਹੈ.....ਉਨ੍ਹਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ...ਕਿਉਂਕਿ ਇਰਾਕ 'ਚ ਲਾਪਤਾ ਹੋਏ ਇਹ 39 ਭਾਰਤੀ ਮਾਰੇ ਜਾ ਚੁੱਕੇ ਹਨ......ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਰੇ ਮਨ ਨਾਲ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਸੁਸ਼ਮਾ ਸਵਰਾਜ ਨੇ ਹਾਲੇ ਪਿਛਲੇ ਸਾਲ ਸਦਨ ਵਿਚ ਉਨ੍ਹਾਂ ਦੀ ਭਾਲ ਕੀਤੇ ਜਾਣ ਦੀ ਗੱਲ ਆਖੀ ਸੀ ਅਤੇ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਜਦੋਂ ਤਕ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲ ਜਾਂਦਾ, ਉਦੋਂ ਤਕ ਉਹ ਉਨ੍ਹਾਂ ਦੇ ਮ੍ਰਿਤਕ ਹੋਣ ਦਾ ਐਲਾਨ ਨਹੀਂ ਕਰਨਗੇ....ਪਰ ਹੁਣ ਉਨ੍ਹਾਂ ਨੇ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਆਖਿਆ ਕਿ ਸਾਰੇ ਮ੍ਰਿਤਕਾਂ ਦੇ ਡੀਐੱਨਏ ਮਿਲ ਗਏ ਹਨ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ।
ਸੁਸ਼ਮਾ ਨੇ ਦੱਸਿਆ ਕਿ ਦੱਸਿਆ ਕਿ ਜਨਰਲ ਵੀ.ਕੇ. ਸਿੰਘ ਮਾਰਟੀਅਸ ਫਾਊਂਡੇਸ਼ਨ ਦੇ ਸਰਟੀਫਿਕੇਟ ਨਾਲ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲੈ ਕੇ ਆਉਣਗੇ ਅਤੇ ਇਹ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਵਿਖੇ ਉਤਰੇਗਾ। ਇਸ ਮੌਕੇ ਸੁਸ਼ਮਾ ਸਵਰਾਜ ਨੇ ਸਹਿਯੋਗ ਦੇਣ 'ਤੇ ਇਰਾਕ ਸਰਕਾਰ ਦਾ ਧੰਨਵਾਦ ਵੀ ਕੀਤਾ। ਦੱਸ ਦੇਈਏ ਕਿ ਇਨ੍ਹਾਂ ਮ੍ਰਿਤਕ ਭਾਰਤੀਆਂ ਵਿਚ 31 ਪੰਜਾਬੀ, 4 ਹਿਮਾਚਲੀ ਅਤੇ ਪੱਛਮੀ ਬੰਗਾਲ ਅਤੇ ਬਿਹਾਰ ਦੇ ਦੋ-ਦੋ ਲੋਕ ਸ਼ਾਮਲ ਹਨ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿਚ 39 ਭਾਰਤੀਆਂ ਦੀ ਮੌਤ 'ਤੇ ਟਵੀਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।