
ਵਿਸਾਖੀ ਮੌਕੇ ਵਧਾਈਆਂ ਦੇ ਕੇ ਟਰੂਡੋ ਨੇ ਫਿਰ ਵਧਾਇਆ ਸਿੱਖ ਭਾਈਚਾਰੇ ਦਾ ਮਾਣ
ਵਿਸਾਖੀ ਦਾ ਤਿਓਹਾਰ ਸਿੱਖ ਇਤਿਹਾਸ 'ਚ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਜ ਦੀ ਸਾਜਨਾ ਕੀਤੀ ਸੀ। ਦੇਸ਼ ਤੇ ਵਿਦੇਸ਼ਾਂ 'ਚ ਵੱਸਦੇ ਸਿੱਖ ਤੇ ਹੋਰ ਭਾਈਚਾਰੇ ਇਸ ਤਿਓਹਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਤਿਓਹਾਰ ਮੌਕੇ ਦੁਨੀਆ ਭਰ 'ਚ ਵੱਸਦੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਫੇਸਬੁੱਕ ਤੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਫੇਸਬੁੱਕ ਤੇ ਟਵਿਟਰ 'ਤੇ ਸ਼ੇਅਰ ਕੀਤੀ ਆਪਣੀ ਵੀਡੀਓ 'ਚ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਪੀ ਵਿਸਾਖੀ। ਅੱਜ ਕੈਨੇਡਾ ਤੇ ਪੂਰੀ ਦੁਨੀਆ 'ਚ ਵੱਸਦੇ ਸਿੱਖ ਭਾਈਚਾਰਿਆਂ ਲਈ ਬਹੁਤ ਹੀ ਖਾਸ ਦਿਨਹੈ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 319 ਸਾਲ ਪਹਿਲਾਂ ਸਿੱਖ ਪੰਥ ਦੀ ਸਾਜਨਾ ਕੀਤੀ ਸੀ। ਵਿਸਾਖੀ ਇਕ ਮੌਕਾ ਹੈ ਆਪਣੇ ਪਿਆਰਿਆਂ ਨਾਲ ਗੁਰੂਦੁਆਰਿਆਂ ਤੇ ਨਗਰ ਕੀਰਤਨਾਂ 'ਚ ਇਕੱਠੇ ਹੋ ਕੇ ਜਸ਼ਨ ਮਨਾਉਣ ਦਾ। ਉਨ੍ਹਾਂ ਨੇ ਆਪਣੀ ਵੀਡੀਓ 'ਚ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਮੈਨੂੰ ਸਿੱਖ ਧਰਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਜਾਣ ਦਾ ਮਾਣ ਮਿਲਿਆ, ਜਿਥੇ ਮੈਂ ਸੇਵਾ ਕੀਤੀ ਤੇ ਲੰਗਰ ਬਣਾਉਣ 'ਚ ਵੀ ਮਦਦ ਕੀਤੀ। ਇਸ ਲੰਗਰ ਸੇਵਾ ਦੌਰਾਨ ਮੈਂ ਦੇਖਿਆ ਕਿ ਸੈਂਕੜੇ ਸੇਵਕ ਰੋਜ਼ਾਨਾ ਹਜ਼ਾਰਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਦੇ ਹਨ ਤੇ ਸ਼ਰਧਾਲੂ ਇਕੱਠੇ ਬੈਠ ਕੇ ਲੰਗਰ ਛੱਕਦੇ ਹਨ। ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਜਿਵੇਂ ਮਨੁੱਖਤਾ ਦੀ ਸੇਵਾ, ਸਮਾਜਕ ਬਰਾਬਰਤਾ ਅਤੇ ਨਿਆਂ ਨੂੰ ਜੇਕਰ ਸਮਜਿਆ ਜਾਵੇ ਤਾ ਕੈਨੇਡਾ ਦੀਆਂ ਹੀ ਕਦਰਾਂ ਕੀਮਤਾ ਹਨ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਕੈਨੇਡਾ ਨੂੰ ਬਹੁਤ ਕੁਝ ਦਿੱਤਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਸਖਤ ਮਿਹਨਤ ਕਰਕੇ ਕੈਨੇਡੀਅਨ ਮੁੱਲਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਵਿਸਾਖੀ ਇਕ ਮੌਕਾ ਹੈ ਕੈਨੇਡਾ 'ਚ 120 ਸਾਲ ਪੁਰਾਣੇ ਸਿੱਖ ਇਤਿਹਾਸ ਨੂੰ ਯਾਦ ਕਰਨ ਦਾ। ਕੈਨੇਡੀਅਨ ਸਿੱਖਾਂ ਨੇ ਸਾਡੇ ਦੇਸ਼ ਨੂੰ ਬਣਾਉਣ 'ਚ ਬਹੁਤ ਮਦਦ ਕੀਤੀ ਹੈ ਤੇ ਰੋਜ਼ਾਨਾ ਸਾਡੇ ਸਮਾਜ 'ਚ ਯੋਗਦਾਨ ਦਿੱਤਾ ਹੈ। ਆਪਣੇ ਪਰਿਵਾਰ ਵਲੋਂ ਮੈਂ ਤੇ ਸੋਫੀ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਾਂ। 'ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ।