
ਬ੍ਰਿਟੇਨ ਸੰਸਦ ਨੇ ਮਨਾਇਆ ਦਸਤਾਰ ਦਿਹਾੜਾ, ਸਾਰੇ ਸੰਸਦ ਮੈਂਬਰਾਂ ਨੇ ਬੰਨ੍ਹੀਆਂ ਪੱਗਾਂ
ਸਿੱਖਾਂ ਦੀ ਅਹਿਮ ਪਛਾਣ ਮੰਨੀ ਜਾਂਦੀ ਦਸਤਾਰ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ਵਿਚ ਅੱਜ 'ਦਸਤਾਰ ਦਿਹਾੜਾ' ਮਨਾਇਆ ਗਿਆ, ਜਿਸ ਨੇ ਇਤਿਹਾਸ ਰਚ ਦਿਤਾ.....ਕਿਉਂਕਿ ਬ੍ਰਿਟੇਨ ਦੀ ਸੰਸਦ ਵਿਚ ਮਨਾਏ ਗਏ ਇਸ 'ਦਸਤਾਰ ਦਿਹਾੜੇ' ਮੌਕੇ ਸਾਰੇ ਸੰਸਦ ਮੈਂਬਰਾਂ ਨੇ ਦਸਤਾਰਾਂ ਸਜਾਈਆਂ।
ਅਸਲ ਵਿਚ ਕੁੱਝ ਦਿਨ ਪਹਿਲਾਂ ਬਿਟ੍ਰੇਨ ਦੇ ਸੰਸਦ ਭਵਨ ਅੱਗੇ ਇਕ ਸਿੱਖ ਨੌਜਵਾਨ ਰਵਨੀਤ ਸਿੰਘ 'ਤੇ ਹਮਲਾ ਹੋਇਆ ਸੀ ਅਤੇ ਇਸ ਮਾਮਲੇ ਨੂੰ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਵਲੋਂ ਬ੍ਰਿਟੇਨ ਦੀ ਸੰਸਦ ਵਿਚ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਜਿੱਥੇ ਸੰਸਦ ਦੇ ਸਪੀਕਰ ਨੇ ਇਸ ਘਟਨਾ 'ਤੇ ਮੁਆਫ਼ੀ ਮੰਗੀ ਸੀ, ਉਥੇ ਹੀ ਸੰਸਦ ਵਿਚ 'ਟਰਬਨ ਡੇਅ' ਮਨਾਉਣ ਦਾ ਵੀ ਫ਼ੈਸਲਾ ਲਿਆ ਸੀ।
ਅੱਜ ਪੂਰੇ ਸੰਸਦ ਭਵਨ ਵਿਚ ਜਿੱਥੇ ਪੱਗਾਂ ਬੰਨ੍ਹੀਂ ਪੁਰਸ਼ ਸੰਸਦ ਮੈਂਬਰ ਦਿਖਾਈ ਦੇ ਰਹੇ ਸਨ, ਉਥੇ ਹੀ ਮਹਿਲਾ ਸੰਸਦ ਮੈਂਬਰਾਂ ਨੇ ਵੀ ਆਪਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੋਈਆਂ ਸਨ। ਸਿੱਖਾਂ ਦੇ ਨਾਲ-ਨਾਲ ਅੰਗਰੇਜ਼ ਸੰਸਦ ਮੈਂਬਰ ਵੀ ਪੱਗਾਂ ਬੰਨ੍ਹ ਕੇ ਖ਼ੁਸ਼ ਦਿਖਾਈ ਦੇ ਰਹੇ ਸਨ। ਬ੍ਰਿਟੇਨ ਦੀ ਸੰਸਦ ਵਲੋਂ ਮਨਾਏ ਗਏ ਇਸ ਦਸਤਾਰ ਦਿਹਾੜੇ ਮੌਕੇ ਸਿੱਖਾਂ ਦੀ ਪੱਗ ਨੂੰ ਲੈ ਕੇ ਪੂਰੀ ਦੁਨੀਆ ਵਿਚ ਇਹ ਸੰਦੇਸ਼ ਗਿਆ ਹੈ ਕਿ ਦਸਤਾਰ ਯਾਨੀ ਪੱਗ ਸਿੱਖਾਂ ਦੀ ਅਹਿਮ ਪਹਿਚਾਣ ਹੈ।
ਦਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਿਦੇਸ਼ਾਂ ਵਿਚ ਸਿੱਖਾਂ 'ਤੇ ਹਮਲੇ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸਿੱਖਾਂ ਨੂੰ ਦਸਤਾਰ ਕਰਕੇ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਇੰਗਲੈਂਡ ਦੇ ਸਿੱਖਾਂ ਦੇ ਉਪਰਾਲਿਆਂ ਸਦਕਾ ਹੀ ਯੂਕੇ ਦੀ ਸੰਸਦ ਵਿਚ ਇਹ ਦਸਤਾਰ ਦਿਹਾੜਾ ਮਨਾਇਆ ਗਿਆ ਹੈ, ਜਿਸ ਨਾਲ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਵੱਡਾ ਸੰਦੇਸ਼ ਗਿਆ ਹੈ।
ਕਲੋਜਿੰਗ : ਵਿਦੇਸ਼ਾਂ ਵਿਚ ਵਸਦੇ ਸਿੱਖ ਪਿਛਲੇ ਕਾਫ਼ੀ ਸਮੇਂ ਤੋਂ ਪੱਗ ਸਮੇਤ ਹੋਰ ਧਾਰਮਿਕ ਚਿੰਨ੍ਹਾਂ ਦੀ ਲੜਾਈ ਲੜਦੇ ਆ ਰਹੇ ਹਨ। ਬ੍ਰਿਟੇਨ ਅਤੇ ਕੈਨੇਡਾ ਹੀ ਅਜਿਹੇ ਮੁਲਕ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਹਰ ਖੇਤਰ ਵਿਚ ਵੱਡਾ ਮਾਣ ਸਤਿਕਾਰ ਬਖ਼ਸ਼ਿਆ ਹੈ ਜਦੋਂ ਕਿ ਫਰਾਂਸ ਸਮੇਤ ਕਈ ਮੁਲਕਾਂ ਵਿਚ ਸਿੱਖਾਂ ਨੂੰ ਪੱਗ ਦੀ ਲੜਾਈ ਲੜਨੀ ਪੈ ਰਹੀ ਹੈ....ਹਾਲੇ ਵੀ ਸਿੱਖਾਂ ਨੂੰ ਸੁਰੱਖਿਆ ਜਾਂਚ ਵਿਚੋਂ ਗੁਜ਼ਰਨ ਲਈ ਕਈ ਥਾਵਾਂ 'ਤੇ ਪੱਗੜੀ ਉਤਾਰਨੀ ਪੈਂਦੀ ਹੈ..... ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦਾ ਕਹਿਣਾ ਹੈ ਕਿ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ, ਇਕ ਨਾ ਇਕ ਦਿਨ ਉਨ੍ਹਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ। ਬ੍ਰਿਟੇਨ ਦੀ ਸੰਸਦ ਨੇ ਦਸਤਾਰ ਦਿਹਾੜਾ ਮਨਾ ਕੇ ਯਕੀਨਨ ਤੌਰ 'ਤੇ ਸਿੱਖਾਂ ਨੂੰ ਵੱਡਾ ਮਾਣ ਬ਼ਖ਼ਸ਼ਿਆ ਹੈ।