
ਸਰਦ ਮੌਸਮ ਵਿਚ ਬੂਟਿਆਂ ’ਤੇ ਬੀਮਾਰੀ ਦਾ ਹਮਲਾ ਤੇਜ਼ੀ ਨਾਲ ਵਧਦਾ ਹੈ ਤੇ ਸਿੱਟੇ ਵਜੋਂ ਬਾਗ਼ਬਾਨਾਂ ਦਾ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ।
ਫਲਦਾਰ ਬੂਟਿਆਂ ਦੀ ਪੈਦਾਵਾਰ ਵਿਚ ਨੁਕਸਾਨ ਲਈ ਬੀਮਾਰੀਆਂ ਮੁੱਖ ਤੌਰ ’ਤੇ ਜ਼ਿੰਮੇਵਾਰ ਹੁੰਦੀਆਂ ਹਨ। ਸਰਦੀ ਦਾ ਮੌਸਮ ਪੱਤਝੜੀ ਫਲਦਾਰ ਬੂਟਿਆਂ, ਨਾਸ਼ਪਤੀ, ਆੜੂ, ਅਲੂਚੇ ਤੇ ਅੰਗੂਰ ਆਦਿ ਵਿਚ ਬੀਮਾਰੀਆਂ ਲਈ ਅਨੁਕੂਲ ਹੁੰਦਾ ਹੈ। ਸਰਦ ਮੌਸਮ ਵਿਚ ਬੂਟਿਆਂ ’ਤੇ ਬੀਮਾਰੀ ਦਾ ਹਮਲਾ ਤੇਜ਼ੀ ਨਾਲ ਵਧਦਾ ਹੈ ਤੇ ਸਿੱਟੇ ਵਜੋਂ ਬਾਗ਼ਬਾਨਾਂ ਦਾ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ।
Pears
ਨਾਸ਼ਪਤੀ: ਸਰਦੀ ਦੌਰਾਨ ਫਲਦਾਰ ਬੂਟਿਆਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀਆਂ ਬੀਮਾਰੀਆਂ ’ਚ ਨਾਸ਼ਪਤੀ ਦੀਆਂ ਕਰੂੰਬਲਾ ਤੇ ਫਲਾਂ ਦਾ ਸਾੜਾ, ਛਿੱਲ ਦਾ ਕੋਹੜ, ਜੜ੍ਹਾਂ ਤੇ ਲੱਕੜੀ ਦਾ ਗਾਲਾ ਪ੍ਰਮੁੱਖ ਹਨ। ਇਹ ਰੋਗ ਅਣਗੌਲੇ ਬਾਗ਼ਾਂ ’ਚ ਅਕਸਰ ਦਿਖਾਈ ਦਿੰਦਾ ਹੈ। ਬਿਮਾਰੀ ਵਾਲੀ ਉੱਲੀ ਸਰਦੀ ਦੇ ਮੌਸਮ ਦੌਰਾਨ ਪੁਰਾਣੇ ਤਣੇ ਉਤੇ ਬਣੇ ਕੋਹੜ ਦੇ ਧੱਬਿਆਂ ’ਚ ਜਿਊਂਦੀ ਰਹਿੰਦੀ ਹੈ। ਇਸ ਬੀਮਾਰੀ ਦੀ ਉੱਲੀ ਕਈ ਤਰ੍ਹਾਂ ਦੇ ਦਰੱਖ਼ਤਾਂ ਨੂੰ ਬਿਮਾਰੀ ਦਿੰਦੀ ਹੈ। ਪੱਤੇ ਡਿੱਗਣ ਨਾਲ ਪਏ ਨਵੇਂ ਨਿਸ਼ਾਨ ਤੇ ਉਨ੍ਹਾਂ ਵਿਚ ਆਈਆਂ ਤਰੇੜਾਂ ’ਤੇ ਬਿਮਾਰੀ ਦਾ ਹੱਲਾ ਹੋ ਜਾਂਦਾ ਹੈ।
ਅੱਖਾਂ, ਟਾਹਣੀਆਂ, ਖੂੰਘੀਆਂ ਤੇ ਜੋੜਾਂ ਉਤੇ ਲੰਬੂਤਰੇ ਦਾਗ਼ ਪੈ ਜਾਂਦੇ ਹਨ। ਜਿਵੇਂ-ਜਿਵੇਂ ਇਹ ਦਾਗ਼ ਵੱਡੇ ਹੁਦੇ ਹਨ, ਇਨ੍ਹਾਂ ਵਿਚਕਾਰਲਾ ਹਿੱਸਾ ਅੰਦਰ ਨੂੰ ਧੱਸਦਾ ਜਾਂਦਾ ਹੈ। ਇਸ ਤਰ੍ਹਾਂ ਕਿਨਾਰੇ ਨੇੜਲੇ ਛਿਲਕੇ ਨੂੰ ਵੀ ਦਾਗ਼ੀ ਕਰ ਦਿੰਦੇ ਹਨ। ਰੋਗੀ ਛਿੱਲ ਉਤੇ ਵੀ ਉੱਲੀ ਜੰਮੀ ਰਹਿੰਦੀ ਹੈ। ਪੱਤਿਆਂ ’ਤੇ ਛੋਟੇ-ਛੋਟੇ ਭੂਰੇ ਅੰਡਾਕਾਰ ਜ਼ਖ਼ਮਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਸ ਬੀਮਾਰੀ ਦੇ ਹਮਲੇ ਨਾਲ ਫਲ ਕਾਲੇ ਪੈ ਜਾਂਦੇ ਹਨ।
ਰੋਕਥਾਮ: ਰੋਗੀ ਛਿੱਲ ਤੇ ਇਸ ਨਾਲ ਲਗਦੀ 2 ਸੈਂਟੀਮੀਟਰ ਤਕ ਦੀ ਤੰਦਰੁਸਤ ਛਿੱਲ ਨੂੰ ਖੁਰਚ ਕੇ ਖ਼ਤਮ ਕਰ ਦਿਉ। ਸੁੱਕੀਆਂ ਤੇ ਰੋਗੀ ਟਾਹਣੀਆਂ ਨੂੰ ਕੱਟ ਦੇਵੋ। ਰੋਗੀ ਮੁਆਦ ਨੂੰ ਖ਼ਤਮ ਕਰ ਦੇਵੋ। ਟੱਕਾਂ ਉਤੇ ਬੋਰਡੋਂ ਪੇਸਟ ਦਾ ਲੇਪ ਕਰੋ। ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਬੋਰਡੋ ਮਿਸ਼ਰਣ (2:2:250) ਦਾ ਜਨਵਰੀ ਮਹੀਨੇ ਦੌਰਾਨ ਛਿੜਕਾਅ ਕਰੋ। ਜੜ੍ਹਾਂ ਤੇ ਲੱਕੜੀ ਦਾ ਗਾਲਾ ਇਹ ਇਕ ਉੱਲੀ ਰੋਗ ਹੈ। ਭਾਰੀਆਂ ਜ਼ਮੀਨਾਂ, ਜਿਥੇ ਪਾਣੀ ਖੜ੍ਹਨ ਕਰ ਕੇ ਜੜ੍ਹਾਂ ਦੁਆਲੇ ਵਧੇਰੇ ਸਿੱਲ ਰਹਿੰਦੀ ਹੋਵੇ, ਉਥੇ ਇਹ ਬੀਮਾਰੀ ਜ਼ਿਆਦਾ ਆਉਂਦੀ ਹੈ।
ਇਸ ਬੀਮਾਰੀ ਦੀ ਉੱਲੀ ਕਈ ਕਿਸਮਾਂ ਦੇ ਦਰੱਖ਼ਤਾਂ ’ਤੇ ਬੀਮਾਰੀ ਲਾ ਸਕਦੀ ਹੈ। ਜੇ ਸਿਆਲ ਦੀ ਰੁੱਤ ਦੌਰਾਨ ਨਾਸ਼ਪਤੀ ਦੇ ਬਾਗ਼ਾਂ ਵਿਚ ਜ਼ਿਆਦਾ ਪਾਣੀ ਮੰਗਣ ਵਾਲੀ ਫ਼ਸਲ ਲਗਾਈ ਗਈ ਹੋਵੇ ਤਾਂ ਅਜਿਹੇ ਹਾਲਾਤ ਵਿਚ ਵੀ ਬੀਮਾਰੀ ਜ਼ਿਆਦਾ ਵਧਦੀ ਹੈ। ਇਹ ਬੀਮਾਰੀ ਤਣੇ ਤੇ ਜੜ੍ਹਾਂ ਉਪਰ ਪਏ ਜ਼ਖ਼ਮਾਂ ਤੋਂ ਲੱਗ ਜਾਂਦੀ ਹੈ।
ਰੋਗੀ ਜੜ੍ਹਾਂ ਸਿਹਤਮੰਦ ਬੂਟਿਆਂ ਦੀਆਂ ਜੜ੍ਹਾਂ ਨੂੰ ਵੀ ਲਾਗ ਲਗਾ ਦਿੰਦੀਆਂ ਹਨ। ਇਸ ਦੇ ਹਮਲੇ ਨਾਲ ਜੜ੍ਹ ਦੀ ਲੱਕੜ ਤੇ ਛਿੱਲ ਗਲ ਕੇ ਭੂਰੀ ਹੋ ਜਾਂਦੀ ਹੈ। ਜੋੜਾਂ ਤੇ ਵਿਰਲਾਂ ਵਿਚਕਾਰ ਉੱਲੀ ਦੇ ਚਿੱਟੇ ਰੇਸ਼ੇ ਸਾਫ਼ ਵਿਖਾਈ ਦਿੰਦੇ ਹਨ। ਬਿਮਾਰ ਬੂਟੇ ਮੁਰਝਾਏ ਹੋਏ ਲਗਦੇ ਹਨ ਤੇ ਉਨ੍ਹਾਂ ਦੇ ਪੱਤੇ ਛੇਤੀ ਝੜ ਜਾਂਦੇ ਹਨ। ਮਰਨ ਤੋਂ ਪਹਿਲਾਂ ਬੂਟੇ ਨੂੰ ਫਲ ਜ਼ਿਆਦਾ ਲਗਦਾ ਹੈ। ਜੜ੍ਹਾਂ ਗਲਣ ਕਾਰਨ ਭਾਰੇ ਬੂਟੇ ਡਿੱਗ ਪੈਂਦੇ ਹਨ। ਟਾਹਣੀਆਂ ਵੀ ਝੁਲਸੀਆਂ ਨਜ਼ਰ ਆਉਂਦੀਆਂ ਹਨ। ਜ਼ਿਆਦਾ ਬੀਮਾਰੀ ਸਮੇਂ ਮੁੱਖ ਤਣੇ ਅਤੇ ਜੜ੍ਹਾਂ ਉਪਰ ਗਿੱਦੜ-ਪੀੜ੍ਹੀਆਂ ਬਣ ਜਾਂਦੀਆਂ ਹਨ।
ਰੋਕਥਾਮ: ਤਣੇ ਦੇ ਨਾਲ ਜ਼ਿਆਦਾ ਮਿੱਟੀ ਨਾ ਚੜ੍ਹਾਉ। ਗੋਡੀ ਕਰਨ ਲੱਗਿਆਂ ਬੂਟਿਆਂ ਦੀਆਂ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਉ ਕਿਉਂਕਿ ਜ਼ਖ਼ਮੀ ਜੜ੍ਹਾਂ ’ਤੇ ਉੱਲੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਿਹੜੀਆਂ ਫ਼ਸਲਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੋਵੇ, ਉਨ੍ਹਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਬਾਗ਼ ਵਿਚ ਨਾ ਬੀਜੋ।
ਛਿੱਲ ਦਾ ਸਾੜਾ ਤੇ ਗੂੰਦ ਰੋਗ: ਆੜੂ ਅਤੇ ਅਲੂਚੇ ਵਿਚ ਇਹ ਬੀਮਾਰੀ ਬੈਕਟੀਰੀਆ ਕਾਰਨ ਲਗਦੀ ਹੈ। ਸਰਦੀ ਦਾ ਤਾਪਮਾਨ ਇਸ ਬੀਮਾਰੀ ਦੇ ਵਾਧੇ ਵਿਚ ਸਹਾਈ ਹੁੰਦਾ ਹੈ। ਇਹ ਬੀਮਾਰੀ ਸਰਦੀ ਰੁੱਤ ਖ਼ਤਮ ਹੋਣ ਤੋਂ ਬਾਅਦ ਅਤੇ ਬੂਟਿਆਂ ਦੇ ਵਾਧੇ ਵੇਲੇ ਬਹੁਤ ਵਧਦੀ ਹੈ।
Prevention of diseases of fruit and deciduous plants
ਕੀੜੇ ਤੇ ਉੱਲੀ ਵਾਲੇ ਰੋਗਾਂ ਦੇ ਹਮਲੇ ਅਤੇ ਠੰਢ ਦੇ ਨੁਕਸਾਨ ਕਾਰਨ ਵੀ ਗੂੰਦ ਨਿਕਲ ਸਕਦੀ ਹੈ। ਗੂੰਦ ਤਣੇ, ਮੁੱਢ, ਟਹਿਣੀਆਂ, ਸ਼ਾਖਾ, ਖੁੰਘਿਆਂ, ਫੁੱਲ, ਬੰਦ ਅੱਖਾਂ ਤੇ ਫਲਾਂ ਉਤੇ ਦੇਖੀ ਜਾ ਸਕਦੀ ਹੈ। ਆਮ ਤੌਰ ’ਤੇ ਮੁਢਲੇ ਤਣੇ ਅਤੇ ਮੁੱਖ ਟਹਿਣੀਆਂ ਉਤੇ ਇਸ ਦਾ ਜ਼ਿਆਦਾ ਅਸਰ ਹੁੰਦਾ ਹੈ। ਛਿੱਲ ਉਤੇ ਗੋਲ ਜਾਂ ਲੰਬੂਤਰੇ, ਸੁੰਗੜੇ ਜਿਹੇ ਗੂੜ੍ਹੇ ਭੂਰੇ ਰੰਗ ਦੇ ਖਟਾਸ ਦੀ ਬਦਬੂ ਮਾਰਨ ਵਾਲੇ ਛਾਲੇ ਨਜ਼ਰ ਆਉਂਦੇ ਹਨ। ਗੰਭੀਰ ਹਾਲਤ ਵਿਚ ਟਹਿਣੀਆਂ ਵਿਚ ਚੀਰ ਪੈ ਜਾਂਦੇ ਹਨ ਤੇ ਟਾਹਣੀਆਂ ਸੁਕ ਜਾਂਦੀਆਂ ਹਨ।
ਰੋਕਥਾਮ: ਜ਼ਖ਼ਮਾਂ ਨੂੰ ਸਾਫ਼ ਕਰ ਕੇ ਬੋਰਡੋਂ ਪੇਸਟ ਦਾ ਲੇਪ ਲਗਾਉ। ਇਹ ਲੇਪ ਤਣੇ ਤੇ ਸਾਰੀਆਂ ਟਹਿਣੀਆਂ ’ਤੇ ਕਰੋ। ਜਦੋਂ ਵੀ ਨਵੇਂ ਧੱਬੇ ਬਣਨ ਤਾਂ ਇਹ ਲੇਪ ਲਗਾਉ।