
ਪਿਛਲੀ ਸੁਣਵਾਈ ਵੇਲੇ 18 ਜਨਵਰੀ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਉੱਤਰ ਪ੍ਰਦੇਸ਼ - ਲਖੀਮਪੁਰ ਖੇੜੀ ਘਟਨਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਪਹਿਲਾਂ ਹੀ ਪੂਰੀ ਚੁੱਕੀ ਸੀ, ਪਰ ਇਸ ਦਾ ਫੈਸਲਾ ਅੱਜ ਸੁਣਾਇਆ ਗਿਆ ਹੈ। ਜਿਸ ਵਿਚ ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਅਸ਼ੀਸ਼ ਮਿਸ਼ਰਾ ਭਲਕੇ ਸ਼ੁੱਕਰਵਾਰ ਨੂੰ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ।
Lakhimpur Kheri Incident
ਪਿਛਲੀ ਸੁਣਵਾਈ ਵੇਲੇ 18 ਜਨਵਰੀ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਅਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਨ ਦੀ ਮੰਗ ਵੀ ਲਗਾਤਾਰ ਕਿਸਾਨ ਜਥੇਬੰਦੀਆਂ ਚੁੱਕ ਰਹੀਆਂ ਹਨ। ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ SIT ਵੱਲੋਂ ਹਾਲ ਹੀ ਵਿਚ ਇੱਕ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਇਸ 5000 ਪੰਨਿਆਂ ਦੀ ਚਾਰਜਸ਼ੀਟ ਵਿਚ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇੰਨਾ ਹੀ ਨਹੀਂ SIT ਅਨੁਸਾਰ ਅਸ਼ੀਸ਼ ਘਟਨਾ ਵਾਲੀ ਥਾਂ ‘ਤੇ ਵੀ ਮੌਜੂਦ ਸਨ।
Lakhimpur Kheri Case
ਇਸ ਤੋਂ ਇਲਾਵਾ SIT ਨੇ ਆਪਣੀ ਜਾਂਚ ਵਿਚ ਲਖੀਮਪੁਰ ਖੇੜੀ ਹਿੰਸਾ ਵਿਚ ਅਸ਼ੀਸ਼ ਮਿਸ਼ਰਾ ਦੇ ਅਸਲੇ ਤੋਂ ਫਾਇਰਿੰਗ ਦੀ ਵੀ ਪੁਸ਼ਟੀ ਕੀਤੀ ਸੀ। ਅਸ਼ੀਸ਼ ਮਿਸ਼ਰਾ ਦੀ ਰਿਵਾਲਵਰ ਤੇ ਰਾਈਫਲ ਤੋਂ ਵੀ ਫਾਇਰਿੰਗ ਹੋਈ। ਇਸ ਮਾਮਲੇ ਵਿਚ ਅਸੀਸ਼ ਮਿਸ਼ਰਾ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਰਿਵਾਲਵਰ ਤੋਂ ਫਾਇਰਿੰਗ ਨਹੀਂ ਕੀਤੀ। ਪੁਲਿਸ ਵੱਲੋਂ ਬੈਲੇਸਟਿਕ ਰਿਪੋਰਟ ਦੇ ਅਧਾਰ ‘ਤੇ ਫਾਇਰਿੰਗ ਦੀ ਪੁਸ਼ਟੀ ਕੀਤੀ ਗਈ ਸੀ।
ਗੌਰਤਲਬ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਦੇ ਤਿਕੁਨੀਆ ਵਿਚ ਹੋਈ ਹਿੰਸਾ ਵਿਚ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿਚ ਦੋਸ਼ ਸੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਆਪਣੀ ਜੀਪ ਨਾਲ ਕਿਸਾਨਾਂ ਨੂੰ ਕੁਚਲਿਆ ਹੈ।