
ਪੰਜਾਬ ਦਾ ਇਕਲੌਤਾ ਮੁਸਲਿਮ ਬਹੁ-ਗਿਣਤੀ ਵਾਲਾ ਖੇਤਰ ਹੋਣ ਕਾਰਨ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੀ ਸਿਆਸਤ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ।
ਚੰਡੀਗੜ੍ਹ : ਮਲੇਰਕੋਟਲਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰਖਦਾ ਹੈ। ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਰਹਿੰਦ ਦੇ ਸ਼ਾਸ਼ਕ ਵਜ਼ੀਰ ਖ਼ਾਨ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਨੂੰ 9 ਸਾਲ ਦੀ ਉਮਰ ਵਿਚ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ 7 ਸਾਲ ਦੀ ਉਮਰ ਵਿਚ ਤਸ਼ੱਦਦ ਕਰ ਜਿਊਂਦੇ ਨੀਂਹਾਂ ਵਿਚ ਚਿਣਵਾਉਣ ਵਿਰੁਧ ਆਵਾਜ਼ ਚੁੱਕੀ ਸੀ। ਦੁਨੀਆਂ ਭਰ ਦੇ ਲੋਕ ਖਾਸ ਕਰ ਕੇ ਸਿੱਖ ਉਨ੍ਹਾਂ ਪ੍ਰਤੀ ਸਤਿਕਾਰ ਭੇਟ ਕਰਦੇ ਹਨ।
ਪੰਜਾਬ ਦਾ ਇਕਲੌਤਾ ਮੁਸਲਿਮ ਬਹੁ-ਗਿਣਤੀ ਵਾਲਾ ਖੇਤਰ ਹੋਣ ਕਾਰਨ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੀ ਸਿਆਸਤ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਸਾਲ-2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰ ਕੇ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾ ਦਿਤਾ। ਮਲੇਰਕੋਟਲਾ ਵਿਚ ਵਧੇਰੇ ਲੋਕ ਮੱਧ-ਵਰਗ ਨਾਲ ਸਬੰਧਤ ਹਨ। ਇਸ ਸ਼ਹਿਰ ਦਾ ਛੋਟੇ ਦਰਜੇ ਦੇ ਉਦਯੋਗ, ਸਾਈਕਲ, ਕਪੜੇ ਸਿਊਣ ਵਾਲੀ ਮਸ਼ੀਨ, ਖੇਡਾਂ ਦਾ ਸਮਾਨ, ਬੈਡਮਿੰਟਨ, ਫੁੱਟਬਾਲ ਅਦਿ ਖੇਤਰਾਂ ਵਿਚ ਰਾਸ਼ਟਰੀ ਪੱਧਰ ’ਤੇ ਨਾਮ ਹੈ। ਜ਼ਿਲ੍ਹੇ ਵਿਚ ਦੋ ਵਿਧਾਨ ਸਭਾ ਹਲਕੇ ਹਨ : ਇਕ ਮਲੇਰਕੋਟਲਾ ਅਤੇ ਦੂਜਾ ਅਮਰਗੜ੍ਹ।
ਹਲਕਾ ਮਲੇਰਕੋਟਲਾ : ਹਲਕੇ ਦੇ ਮੌਜੂਦਾ ਵਿਧਾਇਕ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਹਨ। ਕੈਬਨਿਟ ਵਿਚ ਰਹਿੰਦਿਆਂ ਰਜ਼ੀਆ ਸੁਲਤਾਨਾ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਵਿਚ ਕਾਮਯਾਬ ਰਹੇ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਫਿਰ ਤੋਂ ਰਜ਼ੀਆ ਸੁਲਤਾਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਮੁਹੰਮਦ ਜਮੀਲ ਉਲ ਰਹਿਮਾਨ, ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਨੁਸਰਤ ਇਕਰਾਮ ਖ਼ਾਂ ਬੱਗਾ ਨਾਲ ਹੋਵੇਗਾ। ਇਨ੍ਹਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵਲੋਂ ਮੁਹੰਮਦ ਮੁਨੀਰ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਵਲੋਂ ਫ਼ਰਜ਼ਾਨਾ ਆਲਮ ਖ਼ਾਨ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਮੁਹੰਮਦ ਅਨਵਰ ਵੀ ਚੋਣ ਮੈਦਾਨ ਵਿਚ ਹਨ।
ਮੁੱਖ ਮੰਗਾਂ
- ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ
- ਟ੍ਰੈਫ਼ਿਕ ਜਾਮ ਦੀ ਪ੍ਰੇਸ਼ਾਨੀ ਦਾ ਹੱਲ
- ਪਾਕਿ ਵੀਜਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ
- ਵਧੀਆ ਸਿਹਤ ਸਹੂਲਤਾਂ
ਕੁੱਲ ਵੋਟਰ- 1,47,827
ਮਰਦਵੋਟਰ- 78,830
ਔਰਤ ਵੋਟਰ- 68,997
ਹਲਕਾ ਅਮਰਗੜ੍ਹ : ਹਲਕੇ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਦਾਅਵਾ ਹੈ ਕਿ ਹਲਕੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਸਾਰੀਆਂ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਨੂੰ ਲੋੜੀਂਦੇ ਫ਼ੰਡ ਮਿਲ ਗਏ ਹਨ। ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿਚ ਹਨ। ਕਾਂਗਰਸ ਨੇ ਸਮਿਤ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ, ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਹੈ। ਇਨ੍ਹਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਤਵੀਰ ਸਿੰਘ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਦੇ ਸਰਦਾਰ ਅਲੀ ਵੀ ਚੋਣ ਮੈਦਾਨ ਵਿਚ ਹਨ।
ਮੁੱਖ ਮੰਗਾਂ :
- ਵਧੀਆ ਸਿਹਤ ਸਹੂਲਤਾਂ
- ਸੜਕਾਂ ਦੀ ਮੁਰੰਮਤ
- ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ
- ਪਾਣੀ ਸਪਲਾਈ ਲਾਈਨ ਦੀ ਮੁਰੰਮਤ
ਕੁੱਲ ਵੋਟਰ- 1,54,879
ਮਰਦ ਵੋਟਰ- 81,920
ਔਰਤ ਵੋਟਰ- 72,957
ਤੀਜਾ ਲਿੰਗ-2