
ਹਰਸਿਮਰਤ ਹੁਣ ਕਦੇ ਇਸ ਜਨਮ 'ਚ ਨਹੀਂ ਬਣੇਗੀ ਕੇਂਦਰੀ ਮੰਤਰੀ
to
ਬਠਿੰਡਾ, 18 ਸਤੰਬਰ (ਸੁਖਜਿੰਦਰ ਮਾਨ) : ਸ਼ਰੀਕੇ 'ਚ ਦਿਊਰ ਲਗਦੇ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਭਵਿੱਖ 'ਤੇ ਵਿਅੰਗਮਈ ਟਿਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਹੁਣ ਇਸ ਜਨਮ 'ਚ ਕਦੇ ਕੇਂਦਰੀ ਵਜ਼ਾਰਤ ਦਾ ਹਿੱਸਾ ਨਹੀਂ ਹੋਵੇਗੀ। ਸਥਾਨਕ ਮਿੰਨੀ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਵਲੋਂ ਦਿਤੇ ਅਸਤੀਫ਼ੇ 'ਤੇ ਟਿੱਪਣੀ ਕਰਦਿਆਂ ਸ. ਬਾਦਲ ਨੇ ਇਹ ਵੀ ਦੋਸ਼ ਲਗਾਏ ਕਿ ਅਕਾਲੀ ਤੇ ਭਾਜਪਾ ਰਲ ਮਿਲ ਕੇ ਨੂਰਾ-ਕੁਸ਼ਤੀ ਲੜ ਰਹੇ ਹਨ ਤੇ ਅੰਦਰਖਾਤੇ ਦੋਨੋਂ ਇਕਮੁਕ ਹਨ।
ਉਨ੍ਹਾਂ ਬੀਬੀ ਬਾਦਲ ਦੇ ਸਵਾਲਾਂ ਦੀ ਵਛਾੜ ਕਰਦਿਆਂ ਪੁਛਿਆਂ ਕਿ, ਕੀ ਆਰਡੀਨੈਂਸ ਨੂੰ ਲਾਗੂ ਕਰਨ ਤੇ ਬਿਲਾਂ ਨੂੰ ਪਾਰਲੀਮੈਂਟ 'ਚ ਲਿਆਉਣ ਸਮੇਂ ਕੈਬਨਿਟ ਵਿਚ ਇਹ ਬਿਲ ਰੱਖੇ ਜਾਣ ਦੇ ਬਾਵਜੂਦ ਹਰਸਿਮਰਤ ਨੂੰ ਇਸਦੀਆਂ ਕਿਸਾਨ ਵਿਰੋਧੀ ਖ਼ਾਮੀਆਂ ਦਾ ਪਤਾ ਨਹੀਂ ਚਲ ਸਕਿਆ? ਵਿਰੋਧੀਆਂ ਵਲੋਂ ਪੰਜਾਬ ਸਰਕਾਰ 'ਤੇ ਇਨ੍ਹਾਂ ਆਰਡੀਨੈਂਸ ਨੂੰ ਬਿਲ ਬਣਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਮੂਕ ਸਹਿਮਤੀ ਦੇਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਵੀ ਰੱਦ ਕਰਦਿਆਂ ਵਿਤ ਮੰਤਰੀ ਨੇ ਅਪਣੀ ਮੌਜੂਦਗੀ ਵਾਲੀ ਹਾਈਪਾਵਰ ਕਮੇਟੀ ਦੀ ਮੀਟਿੰਗ ਦੇ ਰਿਕਾਰਡ ਨੂੰ ਜਾਰੀ ਕਰਦਿਆਂ ਦਸਿਆ ਕਿ ਇਸ ਬਿਲ ਦੇ ਲਾਗੂ ਹੋਣ ਨਾਲ ਪੰਜਾਬ ਤੇ ਹਰਿਆਣਾ ਵਰਗੇ ਖੇਤੀਬਾੜੀ ਰਾਜ ਅਤਿ ਪ੍ਰਭਾਵਿਤ ਹੋਣਗੇ।
ਵਿਤ ਮੰਤਰੀ ਨੇ ਦਸਿਆ ਕਿ ਹੁਣ ਕਿਸਾਨ ਤੈਅਸ਼ੁਦਾ ਮੰਡੀਆਂ 'ਚ ਅਪਣੀ ਜਿਣਸ ਵੇਚ ਸਕਦੇ ਹਨ ਤੇ ਇਸਦੇ ਲਾਗੂ ਹੋਣ ਤੋਂ ਬਾਅਦ ਜਿਥੇ ਮਰਜ਼ੀ ਇਸਨੂੰ ਲਿਜਾ ਸਕਦਾ ਹੈ, ਜਿਸਨੂੰ ਖ਼ਰੀਦਣ ਦੇ ਲਈ ਲਾਇਸੰਸ ਦੀ ਵੀ ਲੋੜ ਨਹੀਂ ਪਏਗੀ। ਇਸੇ ਤਰ੍ਹਾਂ ਮੰਡੀ ਫ਼ੀਸ ਖ਼ਤਮ ਹੋਣ ਨਾਲ ਪੰਜਾਬ ਨੂੰ ਚਾਰ ਹਜ਼ਾਰ ਕਰੋੜ ਦਾ ਸਲਾਨਾ ਵਿੱਤੀ ਘਾਟਾ ਹੋਵੇਗਾ। ਜਦੋਂਕਿ ਆਉਣ ਵਾਲੇ ਭਵਿੱਖ 'ਚ ਸਰਕਾਰ ਘੱਟੋ-ਘੱਟ ਕੀਮਤ ਵਾਲਾ ਫ਼ਾਰਮੂਲਾ ਜਾਰੀ ਰਹਿਣ 'ਤੇ ਵੀ ਸਵਾਲ ਖੜੇ ਹੋਏ ਹਨ। ਜਿਸਦੇ ਚਲਦੇ ਉਨ੍ਹਾਂ ਵਲੋਂ ਸਪੱਸ਼ਟ ਤੌਰ 'ਤੇ ਸੂਬੇ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਖੇਤੀਬਾੜੀ ਵਿਸ਼ੇ 'ਤੇ ਕੇਂਦਰ ਵਲੋਂ ਦਖ਼ਲਅੰਦਾਜ਼ੀ ਕਰਨ ਦਾ ਸਖ਼ਤ ਇਤਰਾਜ ਜਤਾਇਆ ਸੀ। ਵਿਤ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਖ਼ੜੇ ਕਰਦਿਆਂ ਦਾਅਵਾ ਕੀਤਾ ਕਿ ਇਸਤੋਂ ਪਹਿਲਾਂ ਜੀਐਸਟੀ ਐਕਟ 'ਚ ਸੂਬਿਆਂ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੇਂਦਰ ਵਲੋਂ ਕਰਨ ਦੀਆਂ ਮੱਦਾਂ ਹੋਣ ਦੇ ਬਾਵਜੂਦ ਕੇਂਦਰ ਨੇ ਹੱਥ ਖੜੇ ਕਰ ਦਿਤੇ ਹਨ, ਜਿਸਦੇ ਨਾਲ ਹੁਣ ਕੀ ਗਰੰਟੀ ਹੈ ਕਿ ਇਨ੍ਹਾਂ ਖੇਤੀ ਬਿਲਾਂ ਦੇ ਹੋਂਦ ਵਿਚ ਆਉਣ ਤੋਂ ਬਾਅਦ ਐਮ.ਐਸ.ਪੀ ਲਾਗੂ ਰਹੇਗਾ।
ਇਸਦੇ ਇਲਾਵਾ ਉਨ੍ਹਾਂ ਬਠਿੰਡਾ 'ਚ ਫ਼ਾਰਮਾਸੂਟੀਕਲ ਪਾਰਕ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਯਤਨਾਂ ਦਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਇਸਤੇ ਸਹਿਮਤੀ ਪਾ ਦਿਤੀ ਤਾਂ ਨਾ ਸਿਰਫ਼ ਬਠਿੰਡਾ, ਬਲਕਿ ਪੂਰੇ ਪੰਜਾਬ ਦੀ ਆਰਥਕਿਤਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਆਗੂ ਪਵਨ ਮਾਨੀ ਤੋਂ ਇਲਾਵਾ ਡੀਸੀ, ਐਸ.ਐਸ.ਪੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 18 ਬੀਟੀਆਈ 01 ਨੰਬਰ ਵਿਚ ਭੇਜੀ ਜਾ ਰਹੀ ਹੈ।