
ਅਮਰੀਕਾ ਦੀ ਕਾਂਗਰਸ-ਵੁਮੈਨ ਬੀਬੀ ਜ਼ੋਈ ਲੋਫਗਰਿਨ ਨੇ ਦਿੱਤੀ ਮਾਨਤਾ
ਵਾਸ਼ਿੰਗਟਨ : ਸਾਕਾ ਨਕੋਦਰ ਨੂੰ 36 ਸਾਲ ਬੀਤ ਚੁੱਕੇ ਹਨ ਪਰ ਅੱਜ ਤੱਕ ਪੀੜਤ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ। ਇਸ ਘਟਨਾ ਦੌਰਾਨ ਚਾਰ ਸਿੱਖ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ। ਇਨ੍ਹਾਂ ਚਾਰ ਸਿੱਖ ਨੌਜਵਾਨਾਂ ਵਿਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੂੰ ਛੱਡ ਕਿ ਬਾਕੀ ਤਿੰਨ ਨੌਜਵਾਨਾਂ ਦੇ ਮਾਪੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ। ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਪਿਤਾ ਬਲਦੇਵ ਸਿੰਘ ਪਿਛਲੇ 36 ਸਾਲਾਂ ਤੋਂ ਸਾਕਾ ਨਕੋਦਰ ਦੇ ਇਨਸਾਫ਼ ਲਈ ਮੰਗ ਕਰਦੇ ਰਹੇ ਹਨ।
ਅਮਰੀਕਾ ਦੀ ਕਾਂਗਰਸ-ਵੁਮੈਨ ਜ਼ੋਈ ਲੋਫਗਰਿਨ ਤੇ ਅੰਨਾ ਜੀ. ਈਸ਼ੋ ਵਲੋਂ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 908 ਯੂ ਐੱਸ ਹਾਊਸ ਆਫ ਰਿਪ੍ਰਜ਼ੇਂਟੇਟਿਵਜ ਵਿਚ 4 ਫ਼ਰਵਰੀ 2022 ਨੂੰ ਦਰਜ ਕਰਵਾ ਦਿੱਤਾ ਗਿਆ ਸੀ। 4 ਫਰਵਰੀ, 1986 ਨੂੰ ਭਾਰਤ ਦੇ ਪੰਜਾਬ ਸੂਬੇ ਦੀ ਨਕੋਦਰ ਸਬ-ਡਵੀਜ਼ਨ ਵਿਚ, ਰਾਜ ਪੁਲਿਸ ਦੁਆਰਾ ਚਾਰ ਨਿਹੱਥੇ ਸਿੱਖ ਵਿਦਿਆਰਥੀ, ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਪੁਲਿਸ ਵਲੋਂ ਬਿਨ੍ਹਾਂ ਕਿਸੇ ਕਾਰਨ ਤੋਂ ਗੋਲੀਬਾਰੀ ਵਿੱਚ ਮਾਰ ਦਿੱਤਾ ਗਿਆ ਸੀ।
ਪੁਲਿਸ ਨੇ ਉਦੋਂ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਮਾਪਿਆਂ ਨੂੰ ਸੌਂਪਣ ਦੀ ਥਾਂ ਅਣਪਛਾਤੀਆਂ ਦੱਸ ਕੇ ਸਾੜ ਦਿੱਤਾ ਸੀ, ਜਦਕਿ ਪੋਸਟ ਮਾਰਟਮ ਦੀਆਂ ਰਿਪੋਰਟਾਂ ਵਿਚ ਇਨ੍ਹਾਂ ਨੌਜਵਾਨਾਂ ਦੀ ਸਪੱਸ਼ਟ ਪਛਾਣ ਹੋ ਗਈ ਸੀ ਇਹ ਨੌਜਵਾਨ ਸ਼ਾਂਤੀਪੂਰਨ 10 ਸਿੱਖ ਗੁਰੂਆਂ ਦੀ ਵੰਸ਼ ਤੋਂ ਬਾਅਦ ਸਾਰੇ ਸਿੱਖਾਂ ਦੁਆਰਾ ਅੰਤਿਮ, ਸਰਵਉੱਚ ਅਤੇ ਜੀਵਤ ਗੁਰੂ ਮੰਨੇ ਜਾਂਦੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਬੇਅਦਬੀ ਦੇ ਵਿਰੋਧ ਵਿਚ ਹਿੱਸਾ ਲੈ ਰਹੇ ਸਨ।