
ਚੰਡੀਗੜ੍ਹ : ਐਸਵਾਈਐਲ ਮੁੱਦੇ 'ਤੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਸੱਤਾ ਦੀ ਪੌੜੀ ਬਣਾ ਕੇ ਰਾਜਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕੀਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਡਾ ਸੰਕਲਪ ਹੈ ਅਸੀ ਐਸਵਾਈਐਲ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਛੱਡਾਂਗੇ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਆਪਣਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਵਿਰੋਧੀ ਪੱਖ ’ਤੇ ਚੋਟ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਲਈ ਐਸ.ਵਾਈ.ਐਲ. ਦਾ ਮਤਲਬ ਅਤੇ ਮੰਤਰ ‘ਸੱਤਾ ਯੂੰ ਲੂੰਗਾ’ ਹੈ ਅਤੇ ਵਿਰੋਧੀ ਧਿਰ ਲਈ ਐਸ.ਵਾਈ.ਐਲ. ਇੱਕ ਬੋਤਲ ਦੇ ਜਿੰਨ ਦੀ ਤਰ੍ਹਾਂ ਹੈ, ਜਦੋਂ ਵਿਰੋਧੀ ਧਿਰ ਦੇ ਲੋਕ ਸੱਤਾ ਵਿੱਚ ਹੁੰਦੇ ਹਨ ਤਾਂ ਇਹ ਜਿੰਨ ਬੋਤਲ ਵਿੱਚ ਬੰਦ ਹੋ ਜਾਂਦਾ ਹੈ ਅਤੇ ਜਦੋਂ ਇਹ ਸੱਤਾ ਵਿੱਚ ਨਹੀਂ ਹੁੰਦੇ ਹਨ ਤਾਂ ਇਹ ਜਿੰਨ ਬੋਤਲ ਤੋਂ ਬਾਹਰ ਆ ਜਾਂਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਸਦਨ ਵਿੱਚ ਸੁਝਾਅ ਦਿੰਦੇ ਹੋਏ ਕਿਹਾ ਕਿ ਐਸ.ਵਾਈ.ਐਲ. ਦੇ ਮਾਮਲੇ ’ਤੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਵੇ ਅਤੇ ਇਸ ’ਤੇ ਕਾਰਵਾਈ ਕਰਨ ਲਈ ਇੱਕ ਦਿਸ਼ਾ ਨਿਰਧਾਰਿਤ ਕੀਤੀ ਜਾਵੇ। ਦੂਸਰੇ ਪਾਸੇ, ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਕੁਤਾਹੀਆਂ ਕਾਰਨ ਅੱਜ ਤਕ ਐਸਵਾਈਐਲ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ। ਸ੍ਰੀ ਖੱਟਰ ਨੇ ਕਿਹਾ ਕਿ ਐਸ.ਵਾਈ.ਐਲ ਦੇ ਸਬੰਧ ਵਿੱਚ ਜ਼ਮੀਨ ਸਰਕਾਰ ਦੇ ਨਾਂ ਹੋ ਚੁੱਕੀ ਹੈ ਅਤੇ ਇਸ ਦਾ ਕਬਜ਼ਾ ਲੈਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐਸ.ਵਾਈ.ਐਲ. ਦੀ ਲੜਾਈ ਬਹੁਤ ਗੰਭੀਰਤਾ ਨਾਲ ਲੜ ਰਹੀ ਹੈ।
ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ 2004 ਤੋਂ 2014 ਤੱਕ ਉਨ੍ਹਾਂ ਦੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਮੁੱਖ ਮੰਤਰੀ ਨੇ ਆਗਰਾ ਕੈਨਾਲ ਦੇ ਸਬੰਧ ਵਿੱਚ ਸਦਨ ਵਿੱਚ ਦੱਸਿਆ ਕਿ ਆਗਰਾ ਕੈਨਾਲ ਉੱਤਰ ਪ੍ਰਦੇਸ਼ ਸਰਕਾਰ ਦੀ ਯੋਜਨਾ ਨਾਲ ਬਣੀ ਹੈ ਅਤੇ ਇਹ ਉਨ੍ਹਾਂ ਦੇ ਅਧਿਕਾਰ ਵਿੱਚ ਆਉਂਦੀ ਹੈ, ਪਰ ਇਸ ਕੈਨਾਲ ਦਾ 100 ਕਿਲੋਮੀਟਰ ਦਾ ਭਾਗ ਹਰਿਆਣਾ ਵਿੱਚ ਪੈਂਦਾ ਹੈ ਅਤੇ ਇਸ ਕੈਨਾਲ ਦੇ ਮਾਈਨਰਾਂ ਦੇ ਮਾਧਿਅਮ ਨਾਲ ਹਰਿਆਣਾ ਦੇ ਕੁੱਝ ਖੇਤਰਾਂ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ।