
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵਲੋਂ ਲਏ ਫ਼ੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿਤਾ ਹੈ ਕਿਉਂ ਜੋ ਇਹ ਪਲਾਂਟ ਬਿਜਲੀ ਉਤਪਾਦਨ ਲਈ ਹੁਣ ਨਿਭਣਯੋਗ ਨਹੀਂ ਹੈ।
ਇਥੋਂ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦਾ ਕਾਰਨ ਬਣੀ ਹਾਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਮੰਗ ਘਟਣ ਅਤੇ ਹੋਰਨਾਂ ਬਦਲਵੇਂ ਵਸੀਲਿਆਂ ਤੋਂ ਸਸਤੀ ਬਿਜਲੀ ਦੀ ਮੌਜੂਦਗੀ ਹੋਣ ਜਿਹੇ ਅਹਿਮ ਕਾਰਨਾਂ ਕਰ ਕੇ ਇਹ ਫ਼ੈਸਲਾ ਲਿਆ ਗਿਆ।
ਮੁੱਖ ਮੰਤਰੀ ਨੇ ਅਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਕਿਸੇ ਵੀ ਮੁਲਾਜ਼ਮ ਦੇ ਰੁਜ਼ਗਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਸਾਰੇ ਕਾਮਿਆਂ ਦੀਆਂ ਸੇਵਾਵਾਂ ਉਸੇ ਇਲਾਕੇ ਵਿਚ ਹੀ ਲਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਬੰਦ ਕੀਤੇ ਥਰਮਲ ਪਲਾਂਟ ਦੇ ਕਾਰਜ ਪੂਰੀ ਤਰ੍ਹਾਂ ਠੱਪ ਹੋ ਜਾਣ ਤੋਂ ਬਾਅਦ ਬਠਿੰਡਾ ਪਲਾਂਟ ਦੀ ਵਾਧੂ ਮਾਨਵੀ ਸ਼ਕਤੀ ਦੀਆਂ ਸੇਵਾਵਾਂ ਉਨ੍ਹਾਂ ਕੰਮਾਂ ਲਈ ਲਈਆਂ ਜਾਣਗੀਆਂ, ਜਿਥੇ ਸਟਾਫ਼ ਦੀ ਥੁੜ੍ਹ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਉਤਪਾਦਨ ਵਧੇਗਾ ਕਿਉਂਕਿ ਇਸ ਨਾਲ ਬਿਜਲੀ ਪੈਦਾ ਕਰਨ ਲਈ ਪੈਂਦੀ ਵੱਧ ਕੀਮਤ ਨੂੰ ਠੱਲ੍ਹ ਪਵੇਗੀ ਜਿਸ ਨਾਲ ਪੰਜਾਬ ਰਾਜ ਬਿਜਲੀ ਨਿਗਮ ਦੀ ਬੱਚਤ ਹੋਵੇਗੀ। ਬਠਿੰਡਾ ਥਰਮਲ ਪਲਾਂਟ 'ਚ ਪੈਦਾ ਹੁੰਦੀ ਬਿਜਲੀ ਦੀ ਕੀਮਤ ਪਾਵਰਕਾਮ ਵਿਚ ਬਿਜਲੀ ਦੀ ਸਮੁਚੀ ਕੀਮਤ ਦੇ ਮੁਕਾਬਲੇ ਜ਼ਿਆਦਾ ਪੈ ਰਹੀ ਹੈ ਜਿਸ ਕਰ ਕੇ ਇਸ ਥਰਮਲ ਪਲਾਂਟ ਤੋਂ ਬਿਜਲੀ ਦਾ ਉਤਪਾਦਨ ਕਰਨਾ ਲਾਹੇਵੰਦ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਸਪੱਸ਼ਟ ਕੀਤਾ ਕਿ ਕਿਸੇ ਵੀ ਸਟਾਫ਼ (ਰੈਗੂਲਰ ਜਾਂ ਠੇਕੇ ਦੇ ਆਧਾਰ 'ਤੇ) ਦੀ ਛਾਂਟੀ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਪੂਰੀ ਤਨਖ਼ਾਹ 'ਤੇ ਹੀ ਨੇੜਲੀਆਂ ਥਾਵਾਂ 'ਤੇ ਸੇਵਾਵਾਂ ਲਈ ਭੇਜਿਆ ਜਾਵੇਗਾ।
ਸੂਬੇ ਵਿਚ ਬਿਜਲੀ ਦੀ ਸਥਿਤੀ ਬਾਰੇ ਵਿਸਥਾਰ ਵਿਚ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਅਤੇ ਝੋਨੇ ਤੋਂ ਇਲਾਵਾ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਬਿਜਲੀ ਦੀ ਮੰਗ ਵਿਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਇਸ ਸਾਲ ਗਰਮੀ ਦੀ ਮਹੀਨਿਆਂ ਵਿਚ ਵੱਧ ਤੋਂ ਵੱਧ ਬਿਜਲੀ ਦੀ ਮੰਗ 11,600 ਮੈਗਾਵਾਟ ਸੀ ਜਦਕਿ ਠੰਢ ਵਾਲੇ ਮਹੀਨਿਆਂ ਵਿਚ ਇਹ ਮੰਗ 5600 ਮੈਗਾਵਾਟ ਰਿਕਾਰਡ ਕੀਤੀ ਗਈ। ਠੰਢ ਵਿਚ ਵੀ ਦਿਨ ਅਤੇ ਰਾਤ ਦੇ ਸਮੇਂ ਵਿਚ ਵੀ ਬਿਜਲੀ ਦੀ ਮੰਗ ਵਿਚ ਵੱਡਾ ਫ਼ਰਕ ਹੁੰਦਾ ਹੈ ਅਤੇ ਰਾਤ ਵੇਲੇ ਬਿਜਲੀ ਦੀ ਮੰਗ ਲਗਭਗ 3000 ਮੈਗਾਵਾਟ ਤਕ ਰਹਿ ਜਾਂਦੀ ਹੈ।
ਮੁੱਖ ਮੰਤਰੀ ਮੁਤਾਬਕ ਰੋਪੜ ਥਰਮਲ ਪਲਾਂਟ ਵਿਖੇ 800 ਮੈਗਾਵਾਟ ਦੀ ਸਮਰਥਾ ਵਾਲੇ ਤਿੰਨ ਯੂਨਿਟਾਂ ਲਈ ਵਿਸਥਾਰਤ ਸੰਭਾਵੀ ਰਿਪੋਰਟ ਦੇਣ ਦਾ ਕੰਮ ਨੋਇਡਾ ਦੀ ਫਰਮ ਮੈਸਰਜ਼ ਸਟੀਗ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਪਹਿਲਾਂ ਹੀ ਸੌਂਪਿਆ ਜਾ ਚੁੱਕਾ ਹੈ।