ਚੰਡੀਗੜ੍ਹ, 9 ਨਵੰਬਰ (ਸਰਬਜੀਤ ਢਿੱਲੋਂ): ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਫ਼ਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਅਰ ਦੇ ਸੁਪਨਿਆਂ ਦਾ ਸ਼ਹਿਰ ਚੰਡੀਗੜ੍ਹ ਜਿਹੜਾ 5 ਲੱਖ ਲੋਕਾਂ ਦੀ ਆਬਾਦੀ ਲਈ ਕਦੇ ਰੀਝਾਂ ਨਾਲ ਉਸਾਰਿਆ ਗਿਆ ਸੀ 'ਤੇ ਹੁਣ 20 ਲੱਖ ਤੋਂ ਵੱਧ ਲੋਕਾਂ ਦੀ ਟ੍ਰੈਫ਼ਿਕ ਦੀ ਬੋਝ ਪੈਣ ਲੱਗਾ ਹੈ। ਪ੍ਰਸ਼ਾਸਨ ਨੇ ਹੁਣ ਸ਼ਹਿਰ ਵਿਚ ਮੋਟਰ ਵਾਹਨਾਂ ਦਾ ਭੀੜ-ਭੜੱਕਾ ਤੇ ਪ੍ਰਦੂਸ਼ਣ ਘਟਾਉਣ ਦੇ ਨਾਲ-ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਚੰਡੀਗੜ੍ਹ ਸ਼ਹਿਰ ਵਿਚ ਸਮਾਰਟ ਸਿਟੀ ਪ੍ਰੋਗਰਾਮ ਅਧੀਨ ਸਮਾਰਟ ਸਾਈਕਲ ਸਭਿਆਚਾਰ ਪੈਦਾ ਕਰਨ ਲਈ 90 ਕਿਲੋਮੀਟਰ ਲੰਮੇ ਸਾਈਕਲ ਟਰੈਕ ਬਣਾਉਣ ਦਾ ਫ਼ੈਸਲਾ ਕੀਤਾ ਸੀ ਜਿਸ ਨਾਲ ਚੰਡੀਗੜ੍ਹ ਦੇ ਵਾਸੀ ਹੁਣ ਸਾਈਕਲ ਅਤੇ ਵਿਦੇਸ਼ਾਂ 'ਚੋਂ ਚੰਡੀਗੜ੍ਹ ਸੈਰ-ਸਪਾਟਾ ਕਰਨ ਵਾਲੇ ਲੋਕ ਕਿਰਾਏ 'ਤੇ ਲੈ ਕੇ ਸਾਈਕਲ ਚਲਾ ਸਕਣਗੇ। ਪ੍ਰਸ਼ਾਸਨ ਵਲੋਂ ਇਸ ਵਿੱਤੀ ਵਰ੍ਹੇ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤੇ ਪੁਰਾਣੇ ਸਾਈਕਲ ਟਰੈਕਾਂ ਨੂੰ ਆਧੁਨਿਕ ਤਰੀਕੇ ਨਾਲ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਵਿਚ ਮਿਊਂਸੀਪਲ ਕਾਰਪੋਰੇਸ਼ਨ ਵੀ ਸਹਿਯੋਗ ਕਰ ਰਹੀ ਹੈ। ਇਹ ਸਾਈਕਲ ਟਰੈਕ ਸੈਕਟਰ-26 ਵਿਚ ਬਣੇ ਹੋਏ ਨਵੇਂ ਸਾਈਕਲ ਟਰੈਕ ਦੀ ਤਰਜ਼ 'ਤੇ ਹੀ ਵਿਕਸਤ ਹੋਣਗੇ। ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਮੁਕੇਸ਼ ਆਨੰਦ ਅਨੁਸਾਰ ਇਹ ਸਾਈਕਲ ਟਰੈਕ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਬਣਾਏ ਜਾ ਰਹੇ ਹਨ। ਇਹ ਸਾਈਕਲ ਟਰੈਕਾਂ ਦੀ ਪਹਿਲੇ ਗੇੜ 'ਚ 50 ਕਿਲੋਮੀਟਰ ਤਕ ਉਸਾਰੀ ਕੀਤੀ ਜਾਵੇਗੀ। ਇਨ੍ਹਾਂ ਸਾਈਕਲ ਟਰੈਕਾਂ ਨੂੰ ਵਿਦਿਆਨ ਮਾਰਗ, ਹਿਮਾਲਿਆ ਮਾਰਗ, ਮਧਿਆ ਮਾਰਗ ਤੋਂ ਸੈਕਟਰ-26 ਦੇ ਸਾਈਕਲ ਟਰੈਕ ਨਾਲ ਜੋੜਿਆ ਜਾਵੇਗਾ। ਇੰਜੀਨੀਅਰ ਵਿਭਾਗ ਦੇ ਸੂਤਰਾਂ ਅਨੁਸਾਰ ਇਨ੍ਹਾਂ ਸਾਈਕਲਾਂ ਟਰੈਕਾਂ ਦੇ ਘੇਰੇ ਵਿਚ 20 ਗੋਲ ਚੌਕ ਲਿਆਂਦੇ ਜਾਣਗੇ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਾਈਕਲ ਸਭਿਆਚਾਰ ਭਾਵੇਂ ਵਿਕਸਤ ਕੀਤਾ ਜਾ ਰਿਹਾ ਹੈ ਪਰ ਸ਼ਹਿਰ ਦੇ ਜ਼ਿਆਦਾਤਰ ਲਾਈਟ ਪੁਆਇੰਟਾਂ ਅਤੇ ਗੋਲ ਚੌਕਾਂ ਨੂੰ ਪੂਰੀ ਤਰ੍ਹਾਂ ਲਿੰਕ ਨਹੀਂ ਕੀਤਾ ਜਾ ਸਕਿਆ। ਕਈ ਥਾਈ ਤਾਂ ਸੜਕਾਂ ਹੀ ਟੁੱਟੀਆਂ ਪਈਆਂ ਹਨ ਅਤੇ ਕਈ ਥਾਈਂ ਸਲਿੱਪ ਰੋਡ ਨਾ ਹੋਣ ਕਾਰਨ ਲੋਕ ਸਾਈਕਲ ਟਰੈਕਾਂ 'ਤੇ ਹੀ ਵਾਹਨ ਚਾੜ੍ਹ ਲੈਂਦੇ ਹਨ ਅਤੇ ਸਾਈਕਲ ਵਾਲੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪੁਲਿਸ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤਕ ਸੈਂਕੜੇ ਮੌਤਾਂ ਹੋ ਚੁਕੀਆਂ ਹਨ।
end-of