
ਚੰਡੀਗੜ੍ਹ, 10 ਨਵੰਬਰ (ਨੀਲ ਭਲਿੰਦਰ ਸਿੰਘ) : ਸਫ਼ੇਦ ਹਾਥੀ ਸਾਬਿਤ ਹੁੰਦੇ ਜਾ ਰਹੀ ਮੁਹਾਲੀ ਸਥਿਤ 'ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ' ਤੋਂ ਹਕੀਕਤ ਚ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਕਨੂੰਨੀ ਲੜਾਈ ਲੜ ਰਹੀ 'ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ' ਇਕ ਵਾਰ ਫਿਰ ਹਾਈ ਕੋਰਟ ਪੁਜੀ ਹੈ। ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਇਸ ਹਵਾਈ ਅੱਡੇ ਦੇ ਰਨਵੇਅ ਦੀ ਰਿ-ਕਾਰਪੇਟਿੰਗ ਅਤੇ ਅਪਗ੍ਰੇਡੇਸ਼ਨ ਦੇ ਕੰਮ ਬਾਰੇ ਸਟੇਟਸ ਰੀਪੋਰਟ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਜਸਟਿਸ ਅਜੇ ਕੁਮਾਰ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਉਤੇ ਆਧਾਰਤ ਡਵੀਜਨ ਬੈਂਚ ਨੇ ਐਸੋਸੀਏਸ਼ਨ ਵਲੋਂ ਅਪਣੇ ਵਕੀਲ ਪੁਨੀਤ ਬਾਲੀ ਰਾਹੀਂ ਦਾਇਰ ਇਸ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਅੱਜ ਆਉਂਦੀ 14 ਨਵੰਬਰ ਲਈ ਨੋਟਿਸ ਜਾਰੀ ਕਰ ਦਿਤਾ ਹੈ। ਅਰਜ਼ੀ ਤਹਿਤ ਰਨਵੇਅ ਦੇ ਰਿ-ਕਾਰਪੇਟਿੰਗ ਅਤੇ ਅਪਗ੍ਰੇਡੇਸ਼ਨ ਕੰਮ ਨੂੰ ਵੀ ਸ਼ਾਮੀਂ 4 ਵਜੇ ਤੋਂ ਸਵੇਰੇ 5 ਵਜੇ ਤਕ ਦੀ ਬਜਾਏ ਸ਼ਾਮ ਸੱਤ ਤੋਂ ਸਵੇਰੇ ਸੱਤ ਵਜੇ ਤਕ ਨਿਰਧਾਰਤ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਜੋ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਵੀ ਨਾ ਪ੍ਰਭਾਵਤ ਹੋਏ ਅਤੇ ਯਾਤਰੂਆਂ ਨੂੰ ਵੀ ਕਿਸੇ ਕਿਸਮ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ।