
ਚੰਡੀਗੜ੍ਹ, 1 ਨਵੰਬਰ (ਸਰਬਜੀਤ ਢਿੱਲੋਂ): ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਮਾਂ-ਬੋਲੀ ਪੰਜਾਬੀ ਅਤੇ ਮਾਤ ਭਾਸ਼ਾ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਨੀ ਭਾਸ਼ਾ ਬਣਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁਧ ਸੈਕਟਰ-17 ਦੇ ਪਲਾਜ਼ਾ 'ਚ ਵਿਸ਼ਾਲ ਰੋਸ ਧਰਨਾ ਦਿਤਾ ਗਿਆ। ਇਸ ਮੰਚ ਦੇ ਸਹਿਯੋਗ ਲਈ ਪੰਜਾਬੀ ਲੇਖਕ ਸਪਾਵਾਂ, ਬੁਧੀਜੀਵੀਆਂ, ਪਿੰਡਾਂ ਦੇ ਸਰਪੰਚਾਂ-ਪੰਚਾਂ, ਨੰਬਰਦਾਰਾਂ ਤੋਂ ਇਲਾਵਾ ਸਮੂਹ ਗੁਰਦਵਾਰਾ ਸੰਗਠਨਾਂ, ਟਰੇਡ ਯੂਨੀਅਨਾਂ, ਨੌਜਵਾਨ ਸਭਾਵਾਂ ਤੇ ਰਾਜਸੀ ਨੇਤਾਵਾਂ ਨੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਪੰਜਾਬ ਪੁਨਰਗਠਨ ਐਕਟ 1966 ਅਧੀਨ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਨਾ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਮੰਚ ਵਲੋਂ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਨ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਸੌਂਪਿਆ। ਚੰਡੀਗੜ੍ਹ ਪੰਜਾਬੀ ਮੰਚ ਵਲੋਂ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਵਿਚ ਲਾਗੂ ਕਰਾਉਣ ਲਈ ਰਾਜ ਭਵਨ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਪੁਲਿਸ ਅਧਿਕਾਰੀਆਂ ਅਤੇ ਰਾਜ ਪਵਨ ਦੇ ਸਹਿਯੋਗ ਨਾਲ 5 ਮੈਂਬਰੀ ਡੈਲੀਗੇਟ ਵਲੋਂ ਹੀ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਗਆ। ਇਸ ਮਗਰੋਂ ਚੰਡੀਗੜ੍ਹ ਵਿਕਾਸ ਮੰਚ ਵਲੋਂ 21 ਫ਼ਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਅਣਮਿੱਥੇ ਸਮੇਂ ਅਤੇ ਸਮੂਹਕ ਭੁੱਖ ਹੜਤਾਲ ਕਰਨ ਦੇ ਐਲਾਨ ਨਾਲ ਅੱਜ ਰੋਸ ਧਰਨਾ ਸਮਾਪਤ ਕਰ ਦਿਤਾ। ਇਸ ਮੌਕੇ ਦੂਰੋਂ-ਦੂਰੋਂ ਆਏ ਪੰਜਾਬੀ ਪਿਆਰਿਆਂ ਨੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਉਣ ਲਈ ਪੂਰਾ ਜ਼ੋਰ ਦਿਤਾ।
ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀਰਾਮ ਅਰਸ਼ ਨੇ ਕਿਹਾ ਕਿ ਕੌਮਾਂ ਤਾਂ ਹੀ ਜ਼ਿੰਦਾ ਰਹਿੰਦੀਆਂ ਹਨ ਜੇ ਉਨ੍ਹਾਂ ਦੀਆਂ ਭਾਸ਼ਾਵਾਂ ਤੇ ਵਿਰਸੇ ਨੂੰ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਅਧਿਕਾਰੀ ਦੂਰੇ ਰਾਜਾਂ ਤੋਂ ਆਉਂਦ ਗਏ ਉਵੇਂ ਹੀ ਪੰਜਾਬ ਭਾਸ਼ਾ ਨਾਲ ਵਿਤਕਰਾ ਹੁੰਦਾ ਗਿਆ। ਇਸ ਮੌਕੇ ਪੰਜਾਬ ਸੂਨੀਵਰਸਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਉਘੇ ਚਿੰਤਕ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ 2 ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦਿਤੀ ਗਈ ਹੈ ਜਿਸ ਵਿਚ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬੀ ਵੀ ਕਤਾਰ ਵਿਚ ਸ਼ਾਮਲ ਹੈ। ਇਸ ਮੌਕੇ ਪਟਿਆਲਾ ਤੋਂ 'ਆਪ' ਦੇ ਬਾਗੀ ਨੇਤਾ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਧਰਨੇ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪੁਨਰਗਠਨ ਵੇਲੇ ਹੀ 1966 ਵਿਚ ਕੇਂਦਰ ਨੇ ੰਚਡੀਗੜ੍ਹ ਦੀ ਰਾਜ ਤੇ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਨੂੰ ਬਣਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਮੁੱਕਰ ਗਏ। ਚੰਡੀਗੜ੍ਹ ਪੰਜਾਬੀ ਮੰਚ ਵਲੋਂ ਧਰਨਾਪਿੰਡ ਸਾਰੰਗਪੁਰ ਦੇ ਸਰਪੰਚ ਤੇ ਪਿੰਡਾਂ ਦੇ ਮਸਲੇ ਸਮੇਂ-ਸਮੇਂ ਸਿਰ ਪ੍ਰਸ਼ਾਸਨ ਕੋਲ ਚੁੱਕਣ ਵਾਲੇ ਸਾਧੂ ਸਿੰਘ ਨੇ ਕਿਹਾ ਕਿ ਜਦ ਸਾਡੇ ਪਿੰਡ ਉਜੜੇ ਸਨ ਉਦੋਂ ਵੀ ਲੋਕ ਪੰਜਾਬੀ ਭਾਸ਼ਾ ਹੀ ਬੋਲਦੇ ਸਨ ਅਤੇ ਹੁਣ ਵੀ ਉਨ੍ਹਾਂ ਦੇ ਪਿੰਡ ਦੇ ਸਕੂਲ ਵਿਚ 90 ਫ਼ੀ ਸਦੀ ਬੱਚਿਆਂ ਨੇ ਮੀਡੀਅਮ ਪੰਜਾਬੀ ਰਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦ ਤਕ ਪ੍ਰਸ਼ਾਸਨ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ 'ਚ ਸਤਿਕਾਰ ਨਹੀਂ ਦਿੰਦਾ ਉਦੋਂ ਤਕ ਉਹ ਲੜਾਈ ਜਾਰੀ ਰੱਖਣਗੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਵੀ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਰਜਧਾਨੀ 'ਚ ਪੰਜਾਬੀ ਦੇ ਸਤਿਕਾਰ ਲਈ ਬੀੜਾ ਚੁਕਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਮਾਂ ਬੋਲੀ ਦੇ ਸੰਘਰਸ਼ 'ਚ ਪੂਰਾ ਸਹਿਯੋਗ ਦੇਣਗੇ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਪੰਜਾਬੀ ਭਾਸ਼ਾ ਚੰਡੀਗੜ੍ਹ ਵਿਚ ਲਾਗੂ ਕਰਾਉਣ ਲਈ ਪੂਰੀ ਵਾਹ ਲਾਉਣ ਦੀ ਹਾਮੀ ਭਰੀ। ਇਸ ਮੌਕੇ ਕਾਮਰੇਡ ਜੋਗਿੰਦਰ ਦਿਆਲ ਸੀ.ਪੀ.ਆਈ. ਦੇ ਕੌਮੀ ਨੇਤਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਤੁਰਤ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾਈ ਦੇ ਫ਼ਾਰਮੂਲੇ ਨੂੰ ਤਾਂ ਹੀ ਲਾਗੂ ਕੀਤਾ ਜਾ ਸਕਦਾ ਹੈ ਜੇ ਅਫ਼ਸਰਸ਼ਾਹੀ ਈਮਾਨਦਾਰ ਹੋਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਬਹੁਤ ਕਸੂਰਵਾਰ ਦਸਿਆ। ਇਸ ਮੌਕੇ ਅਨੇਕਾਂ ਹੋਰ ਉਘੇ ਵਿਦਵਾਨਾਂ, ਬੁਧੀਜੀਵੀਆਂ ਨੇ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਪ੍ਰਸ਼ਾਸਕੀ ਤੇ ਪਹਿਲੀ ਭਾਸ਼ਾ ਬਣਾਉਣ 'ਤੇ ਜ਼ੋਰ ਦਿਤਾ। ਕਈ ਬੱਚਿਆਂ ਵਲੋਂ ਭਾਵੁਕ ਹੋ ਕੇ ਪੰਜਾਬੀ ਮਾਤ ਭਾਸ਼ਾ ਦੇ ਹੱਕ ਵਿਚ ਨਾਹਰੇ ਲਿਖ ਕੇ ਗਲੇ ਵਿਚ ਲਟਕਾਏ ਹੋਏ ਸਨ। ਇਸ ਧਰਨੇ ਨੂੰ ਸਫ਼ਲ ਬਣਾਉਣ ਲਈ ਉਘੀ ਗਾਇਕਾਂ ਸੁੱਖੀ ਬਰਾੜ ਨੇ ਗੀਤ ਵੀ ਗਾਏ। ਅਖ਼ੀਰ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਦੇਵੀ ਦਿਆਲ ਸ਼ਰਮਾ ਨੇ ਐਲਾਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਉਨ੍ਹਾਂ ਦੀ ਮੰਗ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਕ ਮਹੀਨੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ 'ਚ ਪਹਿਲੀ ਪ੍ਰਸ਼ਾਸਕੀ ਭਾਸ਼ਾ ਤੇ ਸਕੂਲਾਂ ਵਿਚ ਲਾਗੂ ਕੀਤਾ ਤਾਂ ਉਨ੍ਹਾਂ ਵਲੋਂ 21 ਫ਼ਰਵਰੀ ਨੁੰ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਸਮੂਹਕ ਭੁੱਖ ਹੜਤਾਲ ਕੀਤੀ ਜਾਵੇਗੀ।