
ਡੇਰਾਬੱਸੀ, 21 ਸਤੰਬਰ
(ਗੁਰਜੀਤ ਈਸਾਪੁਰ): ਡੇਰਾਬੱਸੀ ਵਿਚ ਅੱਜ ਸਵਾਈਨ ਫ਼ਲੂ ਨਾਲ ਇਕ ਔਰਤ ਦੀ ਮੌਤ ਹੋ ਗਈ, ਜਿਸ
ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਔਰਤ ਇਥੋਂ ਦੇ ਸਾਧੂ ਨਗਰ 'ਚ
ਰਹਿੰਦੀ ਸੀ। ਉਹ ਬੀਤੀ 11 ਸਤੰਬਰ ਤੋਂ ਇਕ ਨਿਜੀ ਹਸਪਤਾਲ 'ਚ ਜ਼ੇਰੇ ਇਲਾਜ ਸੀ। ਜਿਸ ਦੀ
ਪੀ.ਜੀ.ਆਈ. ਵਿਚ ਭੇਜੇ ਸੈਂਪਲ ਦੌਰਾਨ ਸਵਾਈਲ ਫ਼ਲੂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਪਹਿਲਾਂ
ਇੰਦਰਜੀਤ ਸਿੰਘ ਵਾਸੀ ਜ਼ੀਰਕਪੁਰ, ਵਿਨਾ ਵਾਸੀ ਬਲਟਾਣਾ ਅਤੇ ਕਿਰਤੀ ਕੁਮਾਰ ਵਾਸੀ ਜ਼ੀਰਕਪੁਰ
ਵੀ ਇਸ ਬੀਮਾਰੀ ਕਾਰਨ ਅਪਣੀ ਜਾਨ ਗਵਾ ਚੁਕੇ ਹਨ।
ਜਾਣਕਾਰੀ ਮੁਤਾਬਕ ਨਰਿੰਦਰ ਕੌਰ
(62) ਪਤਨੀ ਗੁਰਚਰਨ ਸਿੰਘ ਵਾਸੀ ਸਾਧੂ ਨਗਰ ਜੋ ਕਾਫ਼ੀ ਸਮੇਂ ਤੋਂ ਬੀਮਾਰ ਚਲਦੀ ਆ ਰਹੀ
ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੇਰਾਬੱਸੀ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ
ਕਰਵਾਇਆ ਗਿਆ ਸੀ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਹਲਾਂਕਿ ਡੇਰਾਬੱਸੀ ਸਿਵਲ
ਹਪਸਤਾਲ ਵਲੋਂ ਮਰੀਜ਼ ਦੇ ਆਸਪਾਸ ਦੇ 70 ਘਰਾਂ ਦੀ ਜਾਂਚ ਕੀਤੀ ਗਈ ਜਿਥੇ ਕੋਈ ਵੀ ਸ਼ੱਕੀ
ਮਰੀਜ਼ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਡੇਰਾਬੱਸੀ ਖੇਤਰ ਵਿਚ ਸਵਾਈਨ ਫ਼ਲੂ ਦੇ 4
ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਸਰਕਾਰੀ ਹਸਪਤਾਲ ਦੇ ਰੀਕਾਰਡ ਮੁਤਾਬਕ ਨਰਿੰਦਰ
ਕੌਰ ਤੋਂ ਇਲਾਵਾ ਪਿੰਡ ਕੂੜਾਂਵਾਲਾ ਤੋਂ ਸਵਾਈਨ ਫ਼ਲੂ ਦੇ 2 ਮਰੀਜ਼ ਤੇ ਪਿੰਡ ਸਮਗੋਲੀ ਤੋਂ
1 ਮਰੀਜ਼ ਸਾਹਮਣੇ ਆ ਚੁਕਾ ਹੈ ਜਦਕਿ ਜ਼ੀਰਕਪੁਰ 'ਚ ਇਕ ਮਰੀਜ਼ ਦੀ ਸਵਾਈਨ ਫ਼ਲੂ ਨਾਲ ਮੌਤ ਹੋ
ਚੁਕੀ ਹੈ। ਮਰੀਜ਼ ਦਾ ਸਸਕਾਰ ਅੱਜ ਕਰ ਦਿਤਾ ਗਿਆ ਹੈ। ਸਸਕਾਰ ਮੌਕੇ ਸ਼ਾਮਲ ਲੋਕਾਂ ਵਲੋਂ
ਮਾਸਕ ਪਹਿਨੇ ਹੋਏ ਸਨ।